ਡਿਪਟੀ ਕਮਿਸ਼ਨਰ ਨੇ ਉਦਯੋਗਪਤੀਆਂ ਨੂੰ ਟੀਕਾਕਰਨ ਮੁਹਿੰਮ ਵਿਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਆ
ਸਿਹਤ ਅਤੇ ਉਦਯੋਗ ਵਿਭਾਗ ਨੂੰ ਉਦਯੋਗਿਕ ਕਾਮਿਆਂ ਲਈ ਵਧੇਰੇ ਮੋਬਾਇਲ ਕੈਂਪ ਜਾਰੀ ਰੱਖਣ ਲਈ ਵੀ ਕਿਹਾ
ਜਲੰਧਰ, 31 ਮਾਰਚ – ਫੋਕਲ ਪੁਆਇੰਟ ਵਿਖੇ ਇਕ ਉਦਯੋਗਿਕ ਇਕਾਈ ਵਿਖੇ ਪਹਿਲੇ ਮੋਬਾਇਲ ਟੀਕਾਕਰਨ ਕੈਂਪ ਤੋਂ ਬਾਅਦ ਬੁੱਧਵਾਰ ਨੂੰ ਗਦਈਪੁਰ ਅਤੇ ਫੋਕਲ ਪੁਆਇੰਟ ਵਿਖੇ ਅਜਿਹੇ ਹੋਰ ਕੈਂਪ ਲਗਾਏ ਗਏ ਤਾਂ ਜੋ ਟੀਕਾਕਰਨ ਮੁਹਿੰਮ ਵਿਚ ਉਦਯੋਗਿਕ ਕਾਮਿਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸਾਡੇ ਉਦਯੋਗਾਂ ਦੇ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦੀਆਂ ਬਰੂਹਾਂ ‘ਤੇ ਟੀਕਾਕਰਨ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਪਹਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾ ਕੈਂਪ ਕੱਲ੍ਹ ਲਗਾਇਆ ਗਿਆ ਸੀ, ਜੋ ਕਿ ਸਥਾਨਕ ਉਦਯੋਗਾਂ ਦੇ ਸੈਂਕੜੇ ਕਾਮਿਆਂ ਵੱਲੋਂ ਟੀਕਾਕਰਨ ਕਰਵਾਉਣ ਸਦਕਾ ਬਹੁਤ ਸਫ਼ਲ ਰਿਹਾ।ਇਸੇ ਤਰ੍ਹਾਂ ਲਾਭਪਾਤਰੀਆਂ ਨੂੰ ਇਸ ਮੁਹਿੰਮ ਦੇ ਦਾਇਰੇ ਵਿੱਚ ਲਿਆਉਣ ਲਈ ਅੱਜ ਦੋ ਕੈਂਪ ਲਗਾਏ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਮੌਕੇ ‘ਤੇ ਰਜਿਸਟ੍ਰੇਸ਼ਨ ਸਹੂਲਤਾਂ ਤੋਂ ਇਲਾਵਾ ਉਦਯੋਗਾਂ ਦੇ ਵੱਡੀ ਗਿਣਤੀ ਕਾਮਿਆਂ ਦਾ ਟੀਕਾਕਰਨ ਵੀ ਕੀਤਾ ਗਿਆ ਹੈ।
ਸ਼੍ਰੀ ਥੋਰੀ ਨੇ ਜਲੰਧਰ ਵਿੱਚ ਟੀਕਾਕਰਨ ਮੁਹਿੰਮ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਉਦਯੋਗਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਆਪਣੇ ਯੋਗ ਕਾਮਿਆਂ ਨੂੰ ਟੀਕਾਕਰਨ ਕਰਵਾਉਣ ਵਾਸਤੇ ਅੱਗੇ ਆਉਣ ਲਈ ਉਤਸ਼ਾਹਤ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲੀ ਅਪ੍ਰੈਲ ਤੋਂ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਟੀਕਾ ਲਗਵਾ ਸਕਦੇ ਹਨ ਕਿਉਂਕਿ ਸਰਕਾਰ ਵੱਲੋਂ ਇਸ ਉਮਰ ਸਮੂਹ ਦੇ ਲੋਕਾਂ ਲਈ ਸਹਿ-ਰੋਗ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਿਹਤ ਅਤੇ ਉਦਯੋਗ ਵਿਭਾਗ ਨੂੰ ਇਸ ਮੁਹਿੰਮ ਅਧੀਨ ਵੱਧ ਤੋਂ ਵੱਧ ਕਾਮਿਆਂ ਨੂੰ ਕਵਰ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਉਦਯੋਗਾਂ ਲਈ ਅਜਿਹੇ ਵਿਸ਼ੇਸ਼ ਕੈਂਪਾਂ ਨੂੰ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਸਮੂਹ ਉਦਯੋਗਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਤਾਂ ਜੋ ਇਸ ਵਾਇਰਸ ਤੋਂ ਉਨ੍ਹਾਂ ਦੀ ਕਿਰਤ ਸ਼ਕਤੀ ਦੀ ਸੁਰੱਖਿਆ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਇਆ ਜਾ ਸਕੇ।