ਦਿਨ ਦਿਹਾੜੇ ਤੇਜ਼ਧਾਰ ਹਥਿਆਰ ਨਾਲ ਬਜ਼ੁਰਗ ਜੋੜੇ ਦਾ ਕਤਲ, ਮਾਮਲਾ ਸ਼ੱਕੀ ,ਪੁਲਿਸ ਜਾਂਚ ਵਿੱਚ ਜੁਟੀ
ਜਗਰਾਉਂ 23 ਜੂਨ (ਜਸਵਿੰਦਰ ਸਿੰਘ ਡਾਂਗੀਆਂ /ਜਸਬੀਰ ਸਿੰਘ )ਜਗਰਾਉਂ ਦੇ ਲਾਗਲੇ ਪਿੰਡ ਲੱਖਾ ਵਿਖੇ ਮੰਗਲਵਾਰ ਸ਼ਾਮ ਉਸ ਸਮੇਂ ਪੂਰਾ ਪਿੰਡ ਸਹਿਮ ਗਿਆ ਜਦੋ ਪਿੰਡ ਦੇ ਵਿਚਕਾਰ ਇਕ ਘਰ ਵਿਚ ਰਹਿੰਦੇ ਬਜ਼ੁਰਗ ਜੋੜੇ ਵਿੱਚੋਂ ਸ਼ਾਂਤੀ ਦੇਵੀ ਉਮਰ ਕਰੀਬ 75 ਸਾਲ ਦਾ ਬਹੁਤ ਬੇਰਹਿਮੀ ਨਾਲ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ ਸੀ ਅਤੇ ਸ਼ਾਂਤੀ ਦੇਵੀ ਦੇ ਪਤੀ ਪੰਡਤ ਹਰੀ ਚੰਦ ਜਿਸ ਦੀ ਉਮਰ ਲਗਪਗ 85 ਸਾਲ ਹੈ ਤੇ ਉਹ ਘਰ ਵਿੱਚੋਂ ਲਾਪਤਾ ਸੀ । ਇਨ੍ਹਾਂ ਬਜ਼ੁਰਗ ਜੋੜੇ ਦੇ ਬੱਚਿਆਂ ਵਿੱਚੋਂ ਬੱਚੇ ਇਕ ਬੇਟਾ ਵਿਦੇਸ਼ ਗਿਆ ਹੋਇਆ ਹੈ ਅਤੇ ਦੂਸਰਾ ਬੇਟਾ ਆਪਣੇ ਪਰਿਵਾਰ ਸਮੇਤ ਮੋਗੇ ਵਿਖੇ ਰਹਿ ਰਿਹਾ ਹੈ । ਘਰ ਵਿੱਚ ਬਜ਼ੁਰਗ ਜੋੜੇ ਦੀ ਬੇਟੀ ਹੈ ਜੋ ਕਿ ਕੋਰੋਨਾ ਦੀ ਵੈਕਸੀਨ ਦਾ ਟੀਕਾ ਲਗਵਾਉਣ ਲਈ ਉਸ ਦੀ ਦੂਸਰੀ ਭੈਣ ਅਨੀਤਾ ਸ਼ਰਮਾ ਦੇ ਕੋਲ ਮੋਗੇ ਗਈ ਹੋਈ ਸੀ । ਬਜ਼ੁਰਗ ਜੋੜੇ ਦੇ ਬੇਟੇ ਪਵਨ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਸ਼ਾਮ 5:30 ਦੇ ਕਰੀਬ ਉਸ ਦਾ ਜੀਜਾ ਉਸ ਦੀਆਂ ਭੈਣਾਂ ਦੇ ਨਾਲ ਪਿੰਡ ਲੱਖੇ ਆਇਆ ਜਦ ਉਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਮਾਤਾ ਸ਼ਾਂਤੀ ਦੇਵੀ ਦੀ ਮੌਤ ਹੋਈ ਪਈ ਸੀ । ਭਣੋਈਏ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਮਾਤਾ ਦੀ ਮੌਤ ਹੋਈ ਪਈ ਹੈ ਅਤੇ ਮੈਂ ਘਰ ਆ ਕੇ ਦੇਖਿਆ ਤਾਂ ਮੈਨੂੰ ਪਡ਼ਤਾਲ ਕਰਦੇ ਪਤਾ ਲਗਾ ਕਿ ਮੇਰੀ ਮਾਤਾ ਸ਼ਾਂਤੀ ਦੇਵੀ ਨੂੰ ਕਿਸੇ ਨਾ ਮਾਲੂਮ ਵਿਅਕਤੀ ਨੇ ਮੂੰਹ ਤੇ ਰਾਡਾਂ ਮਾਰ ਕੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ । ਅਤੇ ਮੇਰੇ ਪਿਤਾ ਹਰੀ ਚੰਦ ਘਰੋਂ ਲਾਪਤਾ ਸਨ । ਇਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੁਲਸ ਵੱਲੋਂ ਹਰੀ ਚੰਦ ਦੀ ਭਾਲ ਵੱਡੀ ਪੱਧਰ ਤੇ ਸ਼ੁਰੂ ਕੀਤੀ ਗਈ । ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਦੇਖੇ ਗਏ । ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਸ਼ਾਂਤੀ ਦੇਵੀ ਦੇ ਪਤੀ ਪੰਡਤ ਹਰੀ ਚੰਦ ਦੀ ਲਾਸ਼ ਉਨ੍ਹਾਂ ਦੇ ਹੀ ਘਰ ਤੂੜੀ ਵਾਲੇ ਕਮਰੇ ਵਿੱਚ ਪਈ ਸੀ । ਪੁਲੀਸ ਵੱਲੋਂ ਹਰੀ ਚੰਦ ਦੀ ਲਾਸ਼ ਨੂੰ ਤੂੜੀ ਵਾਲੇ ਕਮਰੇ ਚੋਂ ਬਾਹਰ ਕੱਢਿਆ ਗਿਆ ।ਪੁਲੀਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਘਰ ਵਿੱਚ ਹੱਥਾਂ ਦੇ ਨਿਸ਼ਾਨ ਲੈ ਲਏ ਹਨ । ਇਸ ਮੌਕੇ ਜਗਰਾਉਂ ਸੀਆਈਏ ਸਟਾਫ ਦੇ ਇੰਚਾਰਜ ਨਿਸ਼ਾਨ ਸਿੰਘ ਅਤੇ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਮੌਕੇ ਉੱਤੇ ਪਹੁੰਚੇ । ਇੰਚਾਰਜ ਅਰਸ਼ਪ੍ਰੀਤ ਕੌਰ ਨੇ ਕਿਹਾ ਕਿ ਬਜ਼ੁਰਗ ਜੋੜੇ ਦੇ ਬੇਟੇ ਪਵਨ ਕੁਮਾਰ ਦੇ ਬਿਆਨਾਂ ਦੇ ਆਧਾਰ ਉੱਪਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।