ਡਾਕਟਰਾਂ ਦਾ ਐੱਨਪੀਏ ਰੇੜਕਾ ਲਗਾਤਾਰ ਤੀਜੇ ਦਿਨ ਵੀ ਮੈਡੀਕਲ ਅਤੇ ਵੈਟਨਰੀ ਸੇਵਾਵਾਂ ਰਹੀਆਂ ਬੰਦ ਸੇਵਾਮੁਕਤ ਡਾਕਟਰਾਂ ਦੇ ਆਉਣ ਨਾਲ ਸੰਘਰਸ਼ ਹੋਰ ਭਖਿਆ
ਜਗਰਾਉਂ (ਜਸਵੀਰ ਸਿੰਘ ਜਸਵਿੰਦਰ ਸਿੰਘ ਡਾਂਗੀਆਂ ) ਐਨ ਪੀ ਏ ਮਸਲੇ ‘ਤੇ ਸਰਕਾਰ ਦੀ ਟਾਲ ਮਟੋਲ ਭਰੀ ਨੀਤੀ ਤੋਂ ਖਫ਼ਾ ਅੱਜ ਪੰਜਾਬ ਭਰ ਦੇ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਨੇ ਅਪਣੀ ਤਿੰਨ ਰੋਜਾ ਹੜਤਾਲ ਦੇ ਆਖਰੀ ਦਿਨ ਵੀ ਐਮਰਜੈਂਸੀ, ਮੈਡੀਕਲ/ਵੈਟਰੋ ਲੀਗਲ ਅਤੇ ਕੋਵਿਡ ਡਿਊਟੀ ਤੋਂ ਸਿਵਾਏ ਹਰ ਤਰਾਂ ਦੀ ਓ ਪੀ ਡੀ ਅਤੇ ਬਾਕੀ ਸਾਰੇ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ |
ਜੁਆਇੰਟ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਇਕੱਠੇ ਹੋਏ ਵੈਟਰਨਰੀ ਅਫਸਰਾਂ ਨੇ ਅੱਜ ਵੈਟਰਨਰੀ ਪੌਲੀਕਲੀਨਿਕ ਗਿੱਲ ਵਿਖੇ ਰੈਲੀ ਕਰਨ ਉਪਰੰਤ ਜੀ ਐਨ ਈ ਕਾਲਜ ਤੱਕ ਜੋਰਦਾਰ ਪ੍ਰਦਰਸ਼ਨ ਵੀ ਕੀਤਾ |
ਜਿਸ ਵਿੱਚ ਪਸੂ ਪਾਲਣ ਵਿਭਾਗ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ , ਸੀਨੀਅਰ ਵੈਟੀ. ਅਫਸਰ ਅਤੇ ਹੋਰ ਬਹੁਤ ਸਾਰੇ ਸਾਬਕਾ ਵੈਟਰਨਰੀ ਅਧਿਕਾਰੀਆਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ |
ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਡਿਪਟੀ ਡਾਇਰੈਕਟਰਜ ਡਾ. ਵੀ ਕੇ ਜਿੰਦਲ, ਡਾ. ਚਰਨਜੀਤ ਸਿੰਘ ਪੰਧੇਰ, ਡਾ. ਮਲਕੀਤ ਸਿੰਘ ਦਿਓਲ , ਡਾ. ਗੁਰਚਰਨ ਸਿੰਘ ਤੂਰ, ਡਾ. ਇੰਦਰਜੀਤ ਸਿੰਘ ਅਰੋੜਾ ਅਤੇ ਪੰਜਾਬ ਸਟੇਟ ਵੈਟਰਨਰੀ ਅਫਸਰਜ ਐਸੋਸੀਏਸ਼ਨ ਦੇ ਆਗੂ ਡਾ. ਦਰਸ਼ਨ ਖੇੜੀ, ਡਾ. ਚਤਿੰਦਰ ਸਿੰਘ ਰਾਏ ਅਤੇ ਡਾ. ਪਰਸੋਤਮ ਸਿੰਘ ਨੇ ਸਰਕਾਰ ਦੀ ਵਾਅਦਾ ਖਿਲਾਫੀ ਦੀ ਕਰੜੀ ਆਲੋਚਨਾ ਕੀਤੀ | ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਦੀ ਡਾਕਟਰ ਦੋਖੀ ਨੀਤੀ ਇਵੇਂ ਜਾਰੀ ਰਹੀ ਤਾਂ ਪੰਜਾਬ ਦੇ ਸਮੁੱਚੇ ਮੈਡੀਕਲ ਅਤੇ ਵੈਟਰਨਰੀ ਡਾਕਟਰ ਅਣਮਿਥੇ ਸਮੇਂ ਦੀ ਹੜਤਾਲ ਕਰਕੇ ਸੜਕਾਂ ‘ਤੇ ਨਿੱਕਲਣ ਲਈ ਮਜਬੂਰ ਹੋਣਗੇ | ਚੇਤੇ ਰਹੇ ਕਿ ਮੈਡੀਕਲ ਅਤੇ ਵੈਟਰਨਰੀ ਡਾਕਟਰ ਐਨ ਪੀ ਏ ਵਿੱਚ ਕਟੌਤੀ ਨੂ਼ੰ ਲੈ ਕੇ ਪਿਛਲੀ 25 ਜੂਨ ਤੋਂ ਲਗਾਤਾਰ ਸਘੰਰਸ਼ ਕਰ ਰਹੇ ਹਨ ਪਰ ਸਰਕਾਰ ਫੋਕੇ ਲਾਰੇ ਲਾ ਕੇ ਬਸ ਡੰਗ ਟਪਾਈ ਕਰ ਰਹੀ ਹੈ ਜਿਸ ਨਾਲ ਆਮ ਜਨਤਾ ਨੂ਼ੰ ਵੀ ਹਰ ਰੋਜ ਖੱਜਲ ਖੁਆਰ ਹੋਣਾ ਪੈ ਰਿਹਾ ਹੈ