*ਸ਼ਹੀਦਾਂ ਦੇ ਸੁਪਨਿਆਂ ‘ਤੇ ਅਜੇ ਤੱਕ ਖਰੀਆਂ ਨਹੀਂ ਉਤਰੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ- ਰਾਘਵ ਚੱਢ*
*-ਕਿਹਾ, ਸਰਕਾਰਾਂ ਦੱਸਣ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਕੀ ਕੀਤਾ?*
*-ਅਜ਼ਾਦੀ ਦਿਵਸ ਮੌਕੇ ਖਟਕੜ ਕਲਾਂ ‘ਚ ਨਤਮਸਤਕ ਹੋਵੇ ‘ਆਪ’ ਦੇ ਆਗੂ*
*ਨਵਾਂ ਸ਼ਹਿਰ/ਜਲੰਧਰ, 16 ਅਗਸਤ*
ਆਜ਼ਾਦੀ ਦਿਵਸ ਮੌਕੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਅਤੇ ਸੂਬਾ ਪੱਧਰੀ ਆਗੂਆਂ ਨੇ ਦੁਆਬੇ ਦੀ ਪਵਿੱਤਰ ਧਰਤੀ ਖਟਕੜ ਕਲਾਂ ਵਿਖੇ ਪਹੁੰਚ ਕੇ ਸ਼ਹੀਦ-ਏ-ਆਜ਼ਾਮ ਭਗਤ ਸਿੰੰਘ ਸਮੇਤ ਅਜਾਦੀ ਦੇ ਪਰਵਾਨਿਆਂ ਨੂੰ ਸਿਜਦਾ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਆਗੂਆਂ ਵਿਚ ਪਾਰਟੀ ਦੇ ਕੌਮੀ ਬੁਲਾਰੇ, ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ (ਵਿਧਾਇਕ), ਵਿਧਾਇਕ ਮੀਤ ਹੇਅਰ, ਜੈ ਸਿੰਘ ਰੋੜੀ ਅਤੇ ਅਮਰਜੀਤ ਸਿੰਘ ਸੰਦੋਆ ਸਮੇਤ ਸਥਾਨਕ ਆਗੂ ਸ਼ਾਮਲ ਸਨ।
ਇਸ ਮੌਕੇ ਰਾਘਵ ਚੱਢਾ ਨੇ ਕਿਹਾ, ‘ਅੱਜ ਪਹਿਲਾਂ ਮੈਂ ਸ਼ਹੀਦ ਭਗਤ ਸਿੰਘ ਦੇ ਚਰਨਾਂ ਨੂੰ ਛੂਹ ਕੇ ਇਸ ਖਟਕੜ ਕਲਾਂ ਦੀ ਪਵਿੱਤਰ ਧਰਤੀ ਨੂੰ ਸਿਜਦਾ ਕਰਦਾ ਹਾਂ। ਮੈਂ ਉਨਾਂ ਸ਼ਹੀਦਾਂ ਦੀ ਜੋਤ ਤੋਂ ਮਾਰਗਦਰਸ਼ਨ ਲੈਣ ਲਈ ਆਇਆ ਹਾਂ, ਜਿਨਾਂ ਨੇ ਇੱਕ ਮਹਾਨ ਹਿੰਦੋਸਤਾਨ ਦਾ ਸੁਫ਼ਨਾ ਲੈ ਕੇ ਆਪਣੀ ਜਾਨ ਕੁਰਬਾਨ ਕਰ ਦਿੱਤੀ।’
ਰਾਘਵ ਚੱਢਾ ਨੇ ਕਿਹਾ ਕਿ ਆਜਾਦੀ ਦੇ ਪਰਵਾਨਿਆਂ ਨੇ ਆਜਾਦ ਭਾਰਤ ਲਈ ਜੋ ਸੁਪਨੇ ਸਿਰਜੇ ਸਨ, ਹੁਣ ਤੱਕ ਸੱਤਾ ਭੋਗਦੀਆਂ ਆ ਰਹੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਉਨ੍ਹਾਂ ‘ਤੇ ਖਰ੍ਹਾ ਨਹੀਂ ਉਤਰ ਸਕੀਆਂ। ਪੰਜਾਬ ਸਮੇਤ ਦੇਸ਼ ਦੀ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਸਥਿਤੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸਾਡੀਆਂ ਸਰਕਾਰਾਂ ਨੇ ਇਨਾਂ ਸ਼ਹੀਦਾਂ ਦੇ ਸੁਫ਼ਨੇ ਪੂਰੇ ਕਰਨ ਲਈ ਕੀ ਕੀਤਾ? ਉਨਾਂ ਕਿਹਾ ਕਿ ਅੱਜ ਪੰਜਾਬ ਸੂਬੇ ਦਾ ਨੌਜਵਾਨ ਬੇਰੁਜ਼ਗਾਰ ਹੈ। ਸੱਤਾਧਾਰੀ ਆਗੂਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਲ ਵਿੱਚ ਫਸਾ ਦਿੱਤਾ ਹੈ। ਪੰਜਾਬ ਦਾ ਜ਼ਿੰਮੀਦਾਰ, ਪੰਜਾਬ ਦਾ ਕਿਸਾਨ, ਪੰਜਾਬ ਦਾ ਮਜ਼ਦੂਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ। ਗਰੀਬ ਲੋਕਾਂ ਦਾ ਜੀਣਾ ਔਖਾ ਹੋ ਗਿਆ ਹੈ।
ਚੱਢਾ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਨੌਕਰੀਆਂ ਲਈ ਧਰਨਿਆਂ ‘ਤੇ ਬੈਠੇ ਹਨ ਅਤੇ ਜਿਨਾਂ ਅਧਿਆਪਕਾਂ ਨੇ ਪੰਜਾਬ ਦਾ ਭਵਿੱਖ ਬਣਾਉਣਾ ਹੈ, ਓਹ ਅਧਿਆਪਕ ਅਪਣੇ ਹੱਕਾਂ ਲਈ ਸੜਕਾਂ ‘ਤੇ ਬੈਠੇ ਹਨ। ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਸਾਡੀ ਨੌਜਵਾਨ ਪੀੜੀ ਕੰਮ ਲੱਭਣ ਲਈ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ। ਅੱਜ ਸਾਡੇ ਨੌਜਵਾਨ ਜ਼ਮੀਨਾਂ ਗਹਿਣੇ ਧਰ ਕੇ ਅਤੇ ਮਾਵਾਂ ਦੇ ਗਹਿਣੇ ਵੇਚ ਕੇ 20- 20 ਲੱਖ ਰੁਪਏ ਵਿਦੇਸ਼ ਜਾਣ ਲਈ ਚੁੱਕੀ ਫਿਰਦੇ ਹਨ।
ਚੱਢਾ ਨੇ ਕਿਹਾ ਕਿ ਸਾਡਾ ਰੰਗਲਾ ਪੰਜਾਬ ਇੱਕ ਵਾਰ ਫਿਰ ਖੁਸ਼ਹਾਲ ਬਣੇ ਇਸ ਲਈ ਇੱਕ ਹੋਰ ਇਨਕਲਾਬ ਦੀ ਲੋੜ ਹੈ। ਉਹ ਮਨ ਵਿੱਚ ਇੱਕ ਐਸੇ ਪੰਜਾਬ ਦਾ ਸੁਫ਼ਨਾ ਲੈ ਕੇ ਨਿਕਲੇ ਹਨ, ਜਿਸ ‘ਚ ਕੋਈ ਬੇਰੁਜ਼ਗਾਰ ਨਾ ਹੋਵੇ, ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ, ਸਾਰਿਆਂ ਦੀਆਂ ਬੁਨਿਆਂਦੀ ਜ਼ਰੂਰਤਾਂ ਪੂਰੀਆਂ ਹੋਣ, ਸ਼ਾਂਤੀ ਅਤੇ ਆਪਸੀ ਭਾਈਚਾਰਾ ਕਾਇਮ ਹੋਵੇ।
ਉਨਾਂ ਕਿਹਾ ਉਹ ਅੱਜ ਇੱਥੇ ਸ਼ਹੀਦ- ਏ- ਆਜ਼ਮ ਭਗਤ ਸਿੰਘ ਜੀ ਤੋਂ ਪ੍ਰੇਰਨਾ ਲੈਣ ਅਤੇ ਨੌਜਵਾਨਾਂ ਨੂੰ ਅਪੀਲ ਕਰਨ ਲਈ ਆਏ ਹਨ, ”ਆਓ! ਮਿਲ ਕੇ ਇਸ ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਮੌਕਾਪ੍ਰਸਤੀ ਦੀ ਗੁਲਾਮੀ ਦੇ ਪਿੰਜਰੇ ਨੂੰ ਤੋੜੀਏ ਅਤੇ ਅਸਲ ਅਜ਼ਾਦੀ ਨੂੰ ਹਾਸਲ ਕਰੀਏ। ਅੱਾਓ, ਮਿਲ ਕੇ ਇਨਕਲਾਬ ਲੈ ਕੇ ਆਈਏ, ਪੰਜਾਬ ਨੂੰ ਖ਼ੁਸ਼ਹਾਲ ਬਣਾਈਏ।” ਇਸ ਮੌਕੇ ਸ਼ਿਵਕਰਨ ਚੇਚੀ, ਮਨੋਹਰ ਲਾਲ ਗਾਬਾ, ਸਤਨਾਮ ਜਲਾਲਪੁਰ, ਸਤਨਾਮ ਜਲਵਾਹਾ, ਰਾਜ ਕੁਮਾਰ ਮਾਹਲ ਖੁਰਦ, ਮਾਸਟਰ ਰਾਮ ਕਿਸ਼ਨ, ਲਲਿਤ ਮੋਹਨ ਬਿੱਲੂ, ਸੰਤੋਸ਼ ਕਟਾਰੀਆ, ਬਲਬੀਰ ਕਰਨਾਣਾ ਅਤੇ ਸ਼ਿਵ ਕੌੜਾ ਆਦਿ ਹਾਜ਼ਰ ਸਨ।