ਆਮ ਆਦਮੀ ਪਾਰਟੀ ਦੀ ਜਿਲ੍ਹਾ ਜਲੰਧਰ ਦੀ ਇਕਾਈ ਨੇ ਜਲੰਧਰ ਜ਼ਿਲ੍ਹੇ ਦੇ ਡੀ. ਸੀ. ਨੂੰ ਪਟਵਾਰੀਆਂ ਦੀਆਂ ਰੈਗੂਲਰ ਅਸਾਮੀਆਂ ਵਿੱਚ ਵਾਧਾ ਕਰਨ ਅਤੇ ਸੇਵਾ ਮੁਕਤ ਪਟਵਾਰੀਆਂ ਦੀ ਮੁੜ ਭਰਤੀ ਨਾ ਕਰਨ ਦੀ ਮੰਗ ਕੀਤੀ—– ਰਾਜਵਿੰਦਰ ਕੌਰ,ਰਮਣੀਕ ਰੰਧਾਵਾ , ਸੁਰਿੰਦਰ ਸਿੰਘ ਸੋਢੀ ਅਤੇ ਪ੍ਰੇਮਕੁਮਾਰ
ਮੰਗ ਪੱਤਰ ਸੌਂਪਦੇ ਹੋਏ ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਨੌਜਵਾਨ ਹਰ ਰੋਜ਼ ਬੇਰੁਜ਼ਗਾਰੀ ਦੀ ਮਾਰ ਝੱਲਦਿਆਂ ਨੌਕਰੀ ਦੀ ਮੰਗ ਕਰਦੇ ਹੋਏ ਧਰਨੇ ਪ੍ਰਦਰਸ਼ਨ ਕਰ ਰਹੇ ਹਨ। “ਸੂਬੇ ਦੇ ਹਰ ਕੋਨੇ ਵਿਚ ਹਰ ਕਿੱਤੇ ਨਾਲ ਸਬੰਧਤ ਬੇਰੁਜ਼ਗਾਰ ਸੜਕਾਂ ਉਤੇ ਉਤਰੇ ਹੋਏ ਹਨ। ਲੰਬੇ ਸਮੇਂ ਤੋਂ ਸਰਕਾਰ ਦੇ ਵਿਭਾਗਾਂ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਨੌਜਵਾਨ ਅਨੇਕਾਂ ਵਾਰ ਮੰਤਰੀਆਂ ਨੂੰ ਮਿਲ ਚੁੱਕੇ ਹਨ ਪ੍ਰੰਤੂ ਇਸ ਸਬੰਧੀ ਹੁਣ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਹੈ।”
ਰਾਜਵਿੰਦਰ ਕੌਰ ਮਹਿਲਾ ਵਿੰਗ ਪ੍ਰਧਾਨ ਪੰਜਾਬ ਨੇ ਇਸ ਮੌਕੇ ਤੇ ਕਿਹਾ ਕਿ ਸਰਕਾਰ ਦੁਆਰਾ ਪਟਵਾਰੀਆਂ ਦੀਆਂ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੇ ਮਾਮਲੇ ਵਿੱਚ ਵੀ ਇੱਕ ਵਾਰ ਫੇਰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਓਹਨਾ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੇ ਕਰੀਬ 8000 ਪਿੰਡਾਂ ਵਿੱਚ ਪਟਵਾਰੀ ਦੀਆਂ ਪੋਸਟਾਂ ਖਾਲੀ ਪਈਆਂ ਹਨ ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਇਸ ਬਾਬਤ ਸਿਰਫ਼ 1090 ਪੋਸਟਾਂ ਭਰਨ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਸੀ ਜਿਸ ਲਈ ਸਮੁੱਚੇ ਪੰਜਾਬ ਵਿੱਚੋਂ ਕਰੀਬ 2 ਲੱਖ 33 ਹਜ਼ਾਰ ਲੋਕਾਂ ਨੇ ਅਪਲਾਈ ਕੀਤਾ ਸੀ। ਸਰਕਾਰ ਵੱਲੋੰ ਬੇਰੁਜ਼ਗਾਰਾਂ ਦੇ ਹੱਕਾਂ ਤੇ ਡਾਕਾ ਮਾਰਦਿਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਮੁੱਕਰਦਿਆਂ 1766 ਰਿਟਾਇਰਡ ਪਟਵਾਰੀਆਂ ਨੂੰ ਦੁਬਾਰਾ ਨੌਕਰੀ ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਲੋਕ ਸਭਾ ਜ਼ਿਲਾ ਇੰਚਾਰਜ ਰਮਣੀਕ ਰੰਧਾਵਾ ਦਾ ਕਹਿਣਾ ਸੀ ਕਿ ਸਰਕਾਰ ਦਾ ਇਹ ਫ਼ੈਸਲਾ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਲਈ ਇੱਕ ਵੱਡਾ ਧੱਕਾ ਹੈ।
ਆਪ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ ਦੀਆਂ ਰੈਗੂਲਰ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ ਅਤੇ ਸੇਵਾਮੁਕਤ ਪਟਵਾਰੀਆਂ ਦੀ ਮੁੜ ਭਰਤੀ ਉੱਤੇ ਰੋਕ ਲਗਾ ਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ। ਅਮਰਿੰਦਰ ਸਿੰਘ ਦੇ ਚੋਣਾਂ ਸਮੇ ਪੰਜਾਬ ਦੇ ਨੌਜਵਾਨਾਂ ਨੂੰ ਘਰ ਘਰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਨੂੰ ਯਾਦ ਦਵਾਉਂਦੇ ਹੋਏ ਕਿਹਾ ਕਿ ਇਹ ਉਸ ਵਾਅਦੇ ਨੂੰ ਪੂਰਾ ਕਰਨ ਵੱਲ ਇੱਕ ਛੋਟਾ ਜਿਹਾ ਕਦਮ ਹੋਵੇਗਾ। ਇਸ ਮੌਕੇ ਤੇ ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ,ਸੀਨੀਅਰ ਆਗੂ ਜਗਤਾਰ ਸੰਘੇੜਾ ਜੀ, ਸੀਨੀਅਰ ਆਗੂ ਡਾਕਟਰ ਸ਼ਿਵ ਦਿਆਲ ਮਾਲੀ ਜੀ, ਸੀਨੀਅਰ ਆਗੂ ਡਾਕਟਰ ਸੰਜੀਵ ਸ਼ਰਮਾ, ਡੀ ਸੀ ਪੀ ਬਲਕਾਰ ਸਿੰਘ,ਡਾਕਟਰ ਰਾਜੇਸ਼ ਬੱਬਰ, ਰਤਨ ਸਿੰਘ ਕਾਕੜ ਕਲਾਂ, ਅੱਜੇ ਭਗਤ, ਆਈ ਐਸ ਬੱਗਾ, ਗੌਰਵ ਪੂਰੀ ਜੀ, ਨੀਰਜ ਮਿੱਤਲ, ਰਾਜੀਵ ਆਨੰਦ ਬਲਾਕ ਪ੍ਰਧਾਨ ਮੌਜੂਦ ਸਨ।