*ਪੰਜਾਬ ਪ੍ਰੈੱਸ ਕਲੱਬ ਵਲੋਂ ਪਿਆਰੇ ਲਾਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ*
ਜਲੰਧਰ, 9 ਨਵੰਬਰ ( )-ਪੱਤਰਕਾਰੀ ਹਲਕਿਆਂ ਲਈ ਇਹ ਬੜੀ ਦੁਖਦਾਈ ਖਬਰ ਹੈ ਕਿ ਜਲੰਧਰ ਦੇ ਪ੍ਰਸਿੱਧ ਪ੍ਰੈੱਸ ਫੋਟੋਗ੍ਰਾਫਰ ਪਿਆਰੇ ਲਾਲ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਫੋਟੋਗ੍ਰਾਫੀ ਦੇ ਖੇਤਰ ‘ਚ ਬੜੀ ਲਗਨ ਤੇ ਮਿਹਨਤ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਜਿਸ ਕਰਕੇ ਪੰਜਾਬ ਭਰ ‘ਚ ਉਨ੍ਹਾਂ ਦੀ ਵਿਸ਼ੇਸ਼ ਪਛਾਣ ਬਣ ਚੁੱਕੀ ਸੀ। ਪਿਆਰੇ ਲਾਲ ਦੀ ਮੌਤ ‘ਤੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਦਹਾਕਿਆਂ ਤੱਕ ਪੱਤਰਕਾਰੀ ਨਾਲ ਜੁੜੇ ਰਹੇ ਤੇ ਉਨ੍ਹਾਂ ਵੱਖ-ਵੱਖ ਅਖਬਾਰਾਂ ‘ਚ ਪ੍ਰੈੱਸ ਫੋਟੋਗ੍ਰਾਫਰ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਆਪਣੀ ਜ਼ਿੰਦਗੀ ਦੇ ਆਖਰੀ ਵਰ੍ਹਿਆਂ ‘ਚ ਵੀ ਪੂਰੀ ਸ਼ਿੱਦਤ ਅਤੇ ਲਗਨ ਨਾਲ ਸੇਵਾਵਾਂ ਨਿਭਾਈਆਂ। ਇਸ ਮੌਕੇ ਸ੍ਰੀ ਸਤਨਾਮ ਸਿੰਘ ਮਾਣਕ ਤੋਂ ਇਲਾਵਾ ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਸੀਨੀਅਰ ਮੀਤ ਪ੍ਰਧਾਨ ਪਾਲ ਸਿੰਘ ਨੌਲੀ, ਮੀਤ ਪ੍ਰਧਾਨ ਪੰਕਜ ਰਾਏ ਤੇ ਰਾਜੇਸ਼ ਸ਼ਰਮਾ, ਜੁਆਇੰਟ ਸਕੱਤਰ ਤੇਜਿੰਦਰ ਕੌਰ ਥਿੰਦ, ਖਜ਼ਾਨਚੀ ਸ਼ਿਵ ਸ਼ਰਮਾ ਅਤੇ ਕਲੱਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।