ਡਾ. ਐੱਸ.ਐੱਸ. ਛੀਨਾ ਅਤੇ ਲਾਲ ਅਠੌਲੀ ਵਾਲੇ ਹੋਣਗੇ ਸਨਮਾਨਿਤ
ਜਲੰਧਰ, 27 ਨਵੰਬਰ ( ) : ਕੇਵਲ ਵਿੱਗ ਫਾੳੂਂਡੇਸ਼ਨ ਨੇ ਸਾਲ 2021 ਦੇ ਲਈ ‘ਕੇਵਲ ਵਿੱਗ ਐਵਾਰਡ’ ਦਾ ਐਲਾਨ ਕਰ ਦਿੱਤਾ ਹੈ। ਅੱਜ ਇਕ ਪ੍ਰੈੱਸ ਰਿਲੀਜ਼ ਵਿਚ ਦੱਸਿਆ ਗਿਆ ਕਿ ‘ਜਨਤਾ ਸੰਸਾਰ’ ਮੈਗਜ਼ੀਨ ਦੇ ਬਾਨੀ ਸੰਪਾਦਕ ਸ੍ਰੀ ਕੇਵਲ ਵਿੱਗ ਦੀ ਮਿੱਠੀ ਅਤੇ ਨਿੱਘੀ ਯਾਦ ਵਿਚ ਸਥਾਪਿਤ ਇਸ ਵਰ੍ਹੇ ਦਾ ਐਵਾਰਡ ਖੇਤੀਬਾੜੀ ਆਰਥਿਕਤਾ ’ਤੇ ਚੰਗੀ ਪਕੜ ਰੱਖਣ ਵਾਲੇ ਪ੍ਰਮੁੱਖ ਲਿਖਾਰੀ ਪ੍ਰੋਫੈਸਰ ਡਾ. ਐੱਸ.ਐੱਸ. ਛੀਨਾ ਨੂੰ ਬਤੌਰ ਸਰਵੋਤਮ ਲੇਖਕ ਅਤੇ ਪ੍ਰਮੁੱਖ ਗੀਤਕਾਰ ਲਾਲ ਅਠੌਲੀ ਵਾਲੇ ਨੂੰ ਬਤੌਰ ਸਰਵੋਤਮ ਗੀਤਕਾਰ ਵਜੋਂ ਇਹ ਪ੍ਰਦਾਨ ਕੀਤੇ ਜਾਣਗੇ।
ਡਾ. ਐੱਸ.ਐੱਸ. ਛੀਨਾ ਖੇਤੀਬਾੜੀ ਆਰਥਿਕਤਾ ਵਿਚ ਪੀ.ਐੱਚ.ਡੀ. ਹਨ ਅਤੇ ਕਈ ਕਿਤਾਬਾਂ ਦੇ ਲੇਖਕ ਹਨ ਅਤੇ ਲੰਮੇ ਸਮੇਂ ਤੋਂ ਇਸੇ ਵਿਸ਼ੇ ’ਤੇ ਕਾਰਜਸ਼ੀਲ ਹਨ। ਉਹਨਾਂ ਦੀ ਪੁਸਤਕ ‘ਵਾਹਗੇ ਵਾਲੀ ਲਕੀਰ’ ਭਾਰਤ-ਪਾਕਿ ਵੰਡ ਦੇ ਦਰਦ ਅਤੇ ਜਜ਼ਬਾਤੀ ਰਿਸ਼ਤਿਆਂ ਦਾ ਹੂ-ਬ-ਹੂ ਚਿਤਰਣ ਕਰਕੇ ਸਲਾਹੁਣਯੋਗ ਕਾਰਜ ਕੀਤਾ ਹੈ।
ਗੀਤਕਾਰ ਲਾਲ ਅਠੌਲੀ ਵਾਲੇ, ਜਿਨ੍ਹਾਂ ਨੇ ਸੱਭਿਆਚਾਰਕ, ਪਰਿਵਾਰਿਕ ਤੰਦਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਧਾਰਮਿਕ, ਸੂਫ਼ੀਆਨਾ ਅਤੇ ਭਜਨਾਂ ਨੂੰ ਸਿਰਜਣ ਵਿਚ ਮੋਹਰੀ ਭੂਮਿਕਾ ਨਿਭਾਈ। ਉਹਨਾਂ ਵਲੋਂ ਲਿਖਿਆ ਗੀਤ ‘ਨਾ ਜਾਇਓ ਪ੍ਰਦੇਸ-ਓਥੇ ਨੀ ਮਾਂ ਲੱਭਣੀ’ ਅਤੇ ‘ਕ੍ਰਿਸ਼ਨਾ ਤੇਰੀ ਮੁਰਲੀ ਤੇ-ਭਲਾ ਕੌਣ ਨੀ ਨੱਚਦਾ…..’ ਭਜਨ ਨੂੰ ਬੇਹੱਦ ਰੀਝ ਨਾਲ ਸੁਣਿਆ ਜਾਂਦਾ ਹੈ।
ਫਾੳੂਂਡੇਸ਼ਨ ਦੇ ਮੁੱਖੀ ਜਤਿੰਦਰ ਮੋਹਨ ਵਿੱਗ ਨੇ ਦੱਸਿਆ ਕਿ ਸਮਾਗਮ ਸ਼੍ਰੀ ਕੇਵਲ ਵਿੱਗ ਦੀ 29ਵੀਂ ਬਰਸੀ ਦੇ ਅਵਸਰ ’ਤੇ 4 ਦਸੰਬਰ 2021 ਦਿਨ ਸ਼ਨੀਵਾਰ, ਦੇਸ਼ ਭਗਤ ਯਾਦਗਾਰ ਹਾਲ ਵਿਖੇ ਬਾਅਦ ਦੁਪਹਿਰ 3.00 ਵਜੇ ਹੋਵੇਗਾ। ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਆਈ.ਜੀ. ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਗੇ ਜਦਕਿ ਪ੍ਰਧਾਨਗੀ ਸ੍ਰ. ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ, ਤਰਨ ਤਾਰਨ ਕਰਨਗੇ। ਡਾ. ਐੱਸ.ਕੇ. ਕਾਲੀਆ (ਆਈ.ਜੀ., ਪੀ.ਏ.ਪੀ.), ਸ੍ਰੀ ਰਮੇਸ਼ ਚੰਦਰ (ਅੰਬੈਸਡਰ ਆਈ.ਐੱਫ.ਐੱਸ. ਰਿਟਾਇਰਡ), ਸ੍ਰੀ ਬੀ.ਕੇ. ਵਿਰਦੀ (ਡਿਪਟੀ ਕਮਿਸ਼ਨਰ ਸਟੇਟ ਜੀ.ਐੱਸ.ਟੀ.), ਸ੍ਰ. ਚੇਤਨ ਸਿੰਘ (ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, (ਰਿਟਾਇਰਡ), ਸ਼੍ਰੀ ਓਮ ਪ੍ਰਕਾਸ਼ ਖੇਮਕਰਨੀ (ਮੈਂਬਰ ਪ੍ਰੈੱਸ ਕੌਂਸਲ ਆਫ਼ ਇੰਡੀਆ) ਅਤੇ ਸ੍ਰ. ਸਤਨਾਮ ਬਿੱਟਾ (ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ) ਵਿਸ਼ੇਸ਼ ਮਹਿਮਾਨ ਹੋਣਗੇ।
ਦੱਸਣਯੋਗ ਹੈ ਕਿ ਪਿਛਲੇ 28 ਸਾਲਾਂ ਤੋਂ ਲਗਾਤਾਰ ਆਯੋਜਿਤ ਕੀਤੇ ਜਾਂਦੇ ਇਸ ਸਮਾਗਮ ਦੀ ਸਾਹਿਤਕ ਖੇਤਰ ਵਿਚ ਅਲੱਗ ਪਹਿਚਾਣ ਹੈ ਅਤੇ ਹੁਣ ਤੱਕ 57 ਪ੍ਰਮੁੱਖ ਲਿਖਾਰੀ ਇਸ ਯਾਦਗਾਰੀ ਸਨਮਾਨ ਪ੍ਰਾਪਤ ਕਰ ਚੁੱਕੇ ਹਨ।