ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਦਿਆਂ ਦੇਖ ਵਿਰੋਧੀ ਧਿਰ ਦੇ ਆਗੂ ਭਾਜਪਾ ‘ਚ ਹੋ ਰਹੇ ਹਨ ਸ਼ਾਮਲ: ਗੁਪਤਾ
ਭਗਵੰਤ ਮਾਨ ਦੀ ਘਬਰਾਹਟ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਆਪ ਵਿੱਚ ਉਸਦੀ ਹੋਂਦ ਹੈ ਜ਼ੀਰੋ: ਜੀਵਨ ਗੁਪਤਾ
ਜਲੰਧਰ 6 ਦਸੰਬਰ ( ), ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਦੇ ਉਸ ਬਿਆਨ ‘ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਭਾਜਪਾ ਮੈਨੂੰ ਖਰੀਦਣਾ ਚਾਹੁੰਦੀ ਹੈ, ਉਨ੍ਹਾਂ ਕਿਹਾ ਕਿ ਜਿਹਨਾਂ ਲੋਕਾਂ ਨੂੰ ਆਪਣੇ ਘਰ ‘ਚ ਕੋਈ ਨਹੀਂ ਪੁੱਛਦਾ ਉਹ ਖੁਦ ਨੂੰ ਖਰੀਦਣ ਦੀ ਗੱਲ ਕਰਦੇ ਹਨI ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਦੀ ‘ਆਪ’ ‘ਚ ਕੋਈ ਕੀਮਤ ਨਹੀਂ ਹੈ ਅਤੇ ਉਹ ਸੁਪਨਾ ਮੁੱਖ ਮੰਤਰੀ ਦੀ ਕੁਰਸੀ ਦਾ ਪਾਲੀ ਬੈਠੇ ਹਨ ਅਤੇ ਜਦੋਂ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਘਾਹ ਨਹੀਂ ਪਾਇਆ ਤਾਂ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਦੋਸ਼ ਭਾਜਪਾ ‘ਤੇ ਲਗਾਉਣਾ ਠੀਕ ਸਮਝਿਆ ਹੈ। ਕਿਉਂਕਿ ਉਹਨਾਂ ਦਾ ਮਾਨਸਿਕ ਸੰਤੁਲਨ ਪਹਿਲਾਂ ਹੀ ਹਿੱਲ ਚੁੱਕਾ ਹੈ ਅਤੇ ਇਸ ਦਾ ਸਬੂਤ ਉਹਨਾਂ ਦੇ ਆਪਣੇ ਵਰਕਰ ਹੀ ਕਈ ਵਾਰ ਦੇ ਚੁੱਕੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਸਾਨੂੰ ਭਗਵੰਤ ਮਾਨ ਦੇ ਅਜਿਹੇ ਬਿਆਨਾਂ ‘ਤੇ ਹਾਸਾ ਆਉਂਦਾ ਹੈ। ਸੂਬੇ ਦੇ ਲੋਕਾਂ ਸਮੇਤ ਅਸੀਂ ਇਨ੍ਹਾਂ ਦੀਆਂ ਚਾਲਾਂ ਨੂੰ ਬੜੀ ਚੰਗੀ ਤਰਾਂ ਜਾਣਦੇ ਹਾਂ ਅਤੇ ਕੋਈ ਵੀ ਉਨ੍ਹਾਂ ‘ਤੇ ਭਰੋਸਾ ਨਹੀਂ ਕਰਦਾ। ਭਗਵੰਤ ਮਾਨ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਅਤੇ ਮਨਘੜਤ ਹਨ, ਇਹ ਸਭ ਨੂੰ ਪਤਾ ਹੈ ਕਿਉਂਕਿ ਕੇਜਰੀਵਾਲ ਉਨ੍ਹਾਂ ਨੂੰ ਮੂੰਹ ਨਹੀਂ ਲਗਾਉਂਦੇ। ਭਗਵੰਤ ਮਾਨ ਨੇ ਕੇਜਰੀਵਾਲ ਦੇ ਸਾਹਮਣੇ ਆਪਣੀ ਕੀਮਤ ਵਧਾਉਣ ਲਈ ਇਹ ਕੀਤਾ ਹੈ ਕਿ ਜਾਂ ਤਾਂ ਮੈਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਓ ਜਾਂ ਫਿਰ ਮੈਂ ਹੋਰਨਾਂ ਪਾਰਟੀਆਂ ਵਿਚ ਜਾ ਰਿਹਾ ਹਾਂ! ਭਗਵੰਤ ਮਾਨ ਆਪ ਨੂੰ ਤੋੜਨ ਦੀ ਗੱਲ ਕਰ ਰਹੇ ਹਨ। ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਨੂੰ ਦੂਜੀਆਂ ਪਾਰਟੀਆਂ ਨਾਲ ਜੋੜ ਕੇ ਟਿਕਟਾਂ ਅਲਾਟ ਕਰ ਰਹੀ ਹੈ! ਜੀਵਨ ਗੁਪਤਾ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ 2017 ਦੀਆਂ ਚੋਣਾਂ ਵਿੱਚ ਉਨ੍ਹਾਂ ਦੇ 20 ਵਿਧਾਇਕ ਸਨ ਅਤੇ ਹੁਣ ਸਿਰਫ਼ 9 ਹੀ ਰਹਿ ਗਏ ਹਨ, ਉਹ ਕਿੱਥੇ ਗਏ? ਕੀ ਉਨ੍ਹਾਂ ਨੂੰ ਵੀ ਭਾਜਪਾ ਵਾਲਿਆਂ ਨੇ ਖਰੀਦ ਲਿਆ ਹੈ? ਆਪ ਇਸ ਸਮੇਂ ਪੰਜਾਬ ਵਿੱਚ ਖਤਮ ਹੋਣ ਦੀ ਕਗਾਰ ‘ਤੇ ਹੈ। ਉਨ੍ਹਾਂ ਨੂੰ ਪੰਜਾਬ ਵਿੱਚ ਚੋਣ ਲੜਨ ਲਈ 117 ਉਮੀਦਵਾਰ ਤਾਂ ਮਿਲ ਨਹੀਂ ਰਹੇ। ਜਿਨ੍ਹਾਂ ਦੀ ਆਪਣੇ ਘਰ ਵਿਚ ਕੋਈ ਇੱਜ਼ਤ ਨਹੀਂ, ਉਹ ਦੂਜਿਆਂ ‘ਤੇ ਦੋਸ਼ ਲਗਾ ਕੇ ਆਪਣੀ ਪਾਰਟੀ ਵਿਚ ਆਪਣੀ ਕਦਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਦਾ ਜਨਤਾ ‘ਚ ਆਧਾਰ ਬਹੁਤ ਮਜ਼ਬੂਤ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਸ ਤੋਂ ਵੱਧ ਪੂਰੇ ਕੀਤੇ ਹਨ, ਜਿਸ ਕਾਰਨ ਭਾਜਪਾ ਪ੍ਰਤੀ ਜਨਤਾ ਦਾ ਭਰੋਸਾ ਬਹੁਤ ਮਜ਼ਬੂਤ ਹੋਇਆ ਹੈ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ, ਇਸ ਲਈ ਵਿਰੋਧੀ ਧਿਰ ਦੇ ਦਿੱਗਜ ਆਗੂ ਖੁਦ ਹੀ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਇਹ ਇਸ ਗੱਲ ਦਾ ਵੀ ਪ੍ਰਤੱਖ ਪ੍ਰਮਾਣ ਹੈ ਕਿ ਭਾਜਪਾ ਦੀ ‘ਇਰਾਦਾ ਅਤੇ ਨੀਤੀ ਬਹੁਤ ਸਪੱਸ਼ਟ ਹੈ’। ਭਾਜਪਾ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦਾ ਕਰੇਗੀ, ਉਸ ਨੂੰ ਪੂਰਾ ਕਰੇਗੀ।