*ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚੋਂ ਲੁੱਟ ਤੰਤਰ ਨੂੰ ਕਰੇਗੀ ਖ਼ਤਮ: ਸਤਿੰਦਰ ਜੈਨ*
*-ਪੰਜਾਬ ਵਿੱਚ ਸਰਕਾਰ ਬਣਨ ‘ਤੇ ਅਸੀਂ ‘ਭ੍ਰਿਸ਼ਟਾਚਾਰ’ ਅਤੇ ‘ਰਿਸ਼ਵਤ ਖ਼ੋਰੀ’ ਦੀ ਪ੍ਰਥਾ ਪੂਰੀ ਤਰ੍ਹਾਂ ਖ਼ਤਮ ਕਰਾਂਗੇ*
*-ਕਿਹਾ, ਅਕਾਲੀ- ਕਾਂਗਰਸੀ ਆਗੂਆਂ ਨੂੰ ਕੇਜਰੀਵਾਲ ਤੋਂ ਲਗਦਾ ਡਰ, ਪੰਜਾਬ ‘ਚ ਸਰਕਾਰ ਬਣੀ ਤਾਂ ਉਨ੍ਹਾਂ ਦੇ ਲੁੱਟ ਦੇ ਧੰਦੇ ਨੂੰ ਕਰਾਂਗੇ ਬੰਦ*
*-ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਆਮ ਲੋਕਾਂ ਅਤੇ ਵਪਾਰੀਆਂ ਨੂੰ ਕੀਤਾ ਸੰਬੋਧਿਤ*
*ਜਲੰਧਰ /ਕਪੂਰਥਲਾ, 12 ਦਸੰਬਰ*
‘ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਪੰਜਾਬ ਵਿੱਚੋਂ ਲੁੱਟ ਤੰਤਰ ਨੂੰ ਖ਼ਤਮ ਕਰੇਗੀ ਅਤੇ ਲੋਕਾਂ ਦੇ ਪੈਸੇ ਨਾਲ ਲੋਕਾਂ ਦਾ ਹੀ ਵਿਕਾਸ ਕਰੇਗੀ। ਪਿੱਛਲੀ ਅਕਾਲੀ- ਭਾਜਪਾ ਅਤੇ ਕਾਂਗਰਸ ਸਰਕਾਰ ਦੀ ਨੀਤੀ ਰਹੀ ਹੈ ਕਿ ਜਨਤਾ ਤੇ ਵਪਾਰੀਆਂ ਨੂੰ ਲੁੱਟੋ ਅਤੇ ਕੁੱਝ ਪੈਸੇ ਨੂੰ ਆਪਣੇ ਉਪਰ ਖ਼ਰਚ ਕਰੋ।’ ਐਤਵਾਰ ਨੂੰ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਨਕੋਦਰ ਵਿੱਚ ‘ਛੋਟੇ ਅਤੇ ਮੱਧਮ ਵਪਾਰੀਆਂ’ ਦੇ ਇੱਕ ਸਮਾਗਮ ਨੂੰ ਸੰਬੋਧਿਤ ਕਰਦਿਆਂ ਕੀਤਾ।
ਸਤਿੰਦਰ ਜੈਨ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਤੁਰੰਤ ਬਾਅਦ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਦੀ ਪ੍ਰਥਾ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਇਸੇ ਪੈਸੇ ਨਾਲ ਵਿਕਾਸ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਕਿਸੇ ਵੀ ਦਫ਼ਤਰ ਵਿੱਚ ਕਿਸੇ ਕੰਮ ਲਈ ਇੱਕ ਰੁਪਏ ਦੀ ਰਿਸ਼ਵਤ ਨਹੀਂ ਲਗਦੀ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਜਿਹੜਾ ਵੀ ਕਰਮਚਾਰੀ ਜਾਂ ਅਧਿਕਾਰੀ ਵੱਲੋਂ ਰਿਸ਼ਵਤ ਲੈਣ ਦੀ ਖ਼ਬਰ ਮਿਲਦੀ ਹੈ ਤਾਂ ਉਸ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਂਦਾ ਹੈ। ਪੰਜਾਬ ਵਿੱਚ ਵੀ ਅਸੀਂ ਦਿੱਲੀ ਦੀ ਤਰ੍ਹਾਂ ਹੀ ਪਾਰਦਰਸ਼ੀ ਅਤੇ ਇਮਾਨਦਾਰ ਸਰਕਾਰ ਦੀ ਸਥਾਪਨਾ ਕਰਾਂਗੇ।
ਅਕਾਲੀ ਦਲ ਅਤੇ ਕਾਂਗਰਸ ਦੀ ਅਲੋਚਨਾ ਕਰਦਿਆਂ ਜੈਨ ਨੇ ਕਿਹਾ ਕਿ ਇਨਾਂ ਪਾਰਟੀਆਂ ਦੇ ਆਗੂਆਂ ਨੂੰ ਕੇਜਰੀਵਾਲ ਤੋਂ ਡਰ ਲਗਦਾ ਹੈ। ਉਨ੍ਹਾਂ ਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ ਕਿ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਉਨ੍ਹਾਂ ਦਾ ਲੁੱਟ ਦਾ ਧੰਦਾ ਬੰਦ ਹੋ ਜਾਵੇਗਾ ਅਤੇ ਉਨ੍ਹਾਂ ਦੀਆਂ ਸਾਰੀਆਂ ਕਾਲ਼ੀਆਂ ਫਾਇਲਾਂ ਖੋਲ੍ਹੀਆਂ ਜਾਣਗੀਆਂ। ਪਿੱਛਲੀਆਂ ਭ੍ਰਿਸ਼ਟ ਸਰਕਾਰਾਂ ਕਰਕੇ ਪੰਜਾਬ ਦੇ ਖ਼ਜ਼ਾਨੇ ਨੂੰ ਕਾਫ਼ੀ ਨੁਕਸਾਨ ਹੋਇਆ ਅਤੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਪਾਰੀਆਂ ਨੂੰ ਵਿਸ਼ਵਾਸ਼ ਦਵਾਉਂਦਿਆਂ ਸਤਿੰਦਰ ਜੈਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਨੂੰ ਪੂਰੀ ਸੁਰੱਖਿਆ ਅਤੇ ਸੁਵਿਧਾਵਾਂ ਪ੍ਰਦਾਨ ਕਰੇਗੀ। ਅਫ਼ਸਰਸ਼ਾਹੀ ਅਤੇ ਕਮਿਸ਼ਨ ਖ਼ੋਰੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਔਰਤਾਂ ਨੂੰ ਜਿਹੜੇ 1000 ਰੁਪਏ ਦੇਣਗੇ ਅਤੇ ਉਸ ਪੈਸੇ ਨਾਲ ਔਰਤਾਂ ਆਪਣਾ ਜ਼ਰੂਰੀ ਸਮਾਨ ਖ਼ਰੀਦਣਗੀਆਂ। ਜਿਸ ਨਾਲ ਵਪਾਰੀਆਂ ਨੂੰ ਵੀ ਲਾਭ ਹੋਵੇਗਾ ਅਤੇ ਸਰਕਾਰ ਨੂੰ ਵੀ ਜ਼ਿਆਦਾ ਟੈਕਸ ਮਿਲੇਗਾ। ਇਸ ਲਈ ‘ਆਪ’ ਸਰਕਾਰ ਵਪਾਰੀਆਂ ‘ਤੇ ਨਾ ਕੋਈ ਨਵਾਂ ਟੈਕਸ ਲਾਵੇਗੀ ਅਤੇ ਨਾ ਹੀ ਵਰਤਮਾਨ ਟੈਕਸ ਵਿੱਚ ਕੋਈ ਵਾਧਾ ਕਰੇਗੀ।