ਫਲਾਈਓਵਰ ‘ਤੇ ਰੁਕਿਆ ਪ੍ਰਧਾਨ ਮੰਤਰੀ ਦਾ ਕਾਫਲਾ ਪਾਕਿਸਤਾਨੀ ਤੋਪਖਾਨੇ ਅਤੇ ਸਨਾਈਪਰਾਂ ਦੇ ਦਾਇਰੇ ‘ਚ ਸੀ: ਗੁਪਤਾ
ਮੋਦੀ ਲਈ ਕਾਂਗਰਸ ਦੀ ਰਚੀ ਖੂਨੀ ਸਾਜ਼ਿਸ਼ ਦਾ ਚੈਨਲ ਦੇ ਸਟਿੰਗ ਆਪ੍ਰੇਸ਼ਨ ਨੇ ਕੀਤਾ ਪਰਦਾਫਾਸ਼: ਜੀਵਨ ਗੁਪਤਾ
ਚੰਨੀ, ਸਿੱਧੂ, ਰਾਵਤ ਸਮੇਤ ਕਾਂਗਰਸੀ ਆਗੂਆਂ ਦੀਆਂ ਘਿਨਾਉਣੀਆਂ ਸਾਜ਼ਿਸ਼ਾਂ ਤੇ ਕਾਲੇ ਕਾਰਨਾਮੇ ਇੱਕ ਵਾਰ ਫਿਰ ਹੋਏ ਬੇਨਕਾਬ: ਜੀਵਨ ਗੁਪਤਾ
ਜਲੰਧਰ 12 ਜਨਵਰੀ ( ), ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਸੁਰੱਖਿਆ ਨੂੰ ਲੈ ਕੇ ਜਾਣਬੁੱਝ ਕੇ ਕੀਤੀ ਗਈ ਅਣਗਹਿਲੀ ਅਸਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਖੂਨੀ ਖੇਡ ਅਤੇ ਸਾਜ਼ਿਸ਼ ਸੀ ਅਤੇ ਇਸਦੇ ਸਿਆਸੀ ਤੌਰ ‘ਤੇ ਸਿੱਧੇ ਤਾਰ ਕਾਂਗਰਸ ਦੀ ਉੱਚ ਲੀਡਰਸ਼ਿਪ ਨਾਲ ਜੁੜ ਰਹੇ ਹਨ। ਭਾਰਤੀ ਜਨਤਾ ਪਾਰਟੀ ਸ਼ੁਰੂ ਤੋਂ ਹੀ ਇਹੀ ਕਹਿੰਦੀ ਆ ਰਹੀ ਹੈ ਅਤੇ ਹੁਣ ਸਾਰੇ ਮੀਡੀਆ ਨੇ ਇਸ ਦੇ ਠੋਸ ਸਬੂਤ ਦੇ ਦਿੱਤੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਜਲੰਧਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਅਤੇ ਭਾਜਪਾ ਦੀ ਰਾਸ਼ਟਰੀ ਅਤੇ ਸੂਬਾਈ ਲੀਡਰਸ਼ਿਪ ਪਹਿਲੇ ਦਿਨ ਤੋਂ ਹੀ ਕਹਿ ਰਹੀ ਹੈ ਕਿ ਚੰਨੀ ਸਰਕਾਰ ਵੱਲੋਂ ਕਾਂਗਰਸ ਹਾਈਕਮਾਂਡ ਦੇ ਇਸ਼ਾਰੇ ‘ਤੇ ਪੁਲਿਸ ਨੂੰ ਪੰਜਾਬ ਭਰ ‘ਚ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ।
ਜੀਵਨ ਗੁਪਤਾ ਨੇ ਦੱਸਿਆ ਕਿ ਇੱਕ ਨਾਮੀ ਟੀਵੀ ਚੈਨਲ ਦੀ ਜਾਂਚ ਟੀਮ ਨੇ ਸਟਿੰਗ ਆਪ੍ਰੇਸ਼ਨ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹੋਈ ਘੋਰ ਲਾਪਰਵਾਹੀ ਦਾ ਵੱਡਾ ਖੁਲਾਸਾ ਕੀਤਾ ਹੈ। ਇਸ ਘਟਨਾਕ੍ਰਮ ‘ਚ ਪ੍ਰਦਰਸ਼ਨਕਾਰੀ ਅਤੇ ਕੱਟੜਪੰਥੀ ਗੁੱਟ ਪ੍ਰਧਾਨ ਮੰਤਰੀ ਦਾ ਕਾਫ਼ਲਾ ਲੰਘਣ ਵਾਲੀ ਸੜਕ ‘ਤੇ ਕਿਵੇਂ ਪੁੱਜ ਗਏ ਅਤੇ ਆਪਣੀਆਂ ਮਨਮਾਨੀਆਂ ਕਰਦੇ ਰਹੇ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਇਸ ਸਟਿੰਗ ਆਪ੍ਰੇਸ਼ਨ ‘ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੀਤੀ ਗਈ ਕੁਤਾਹੀ ਜਾਣਬੁੱਝ ਕੇ ਕੀਤੀ ਗਈ ਸੀ। ਅਚਾਨਕ ਨਹੀਂ ਬਲਕਿ ਇਹ ਇੱਕ ਖ਼ੂਨੀ ਸਾਜ਼ਿਸ਼ ਦਾ ਤਜਰਬਾ ਸੀ, ਕੁਦਰਤੀ ਨਹੀਂ ਸਗੋਂ ਸੋਚੀ-ਸਮਝੀ ਸਾਜ਼ਿਸ਼ ਸੀ। ਇਸ ਸਟਿੰਗ ਅਪਰੇਸ਼ਨ ਵਿੱਚ ਸਥਾਨਕ ਐਸਐਚਓ ਅਤੇ ਡੀਐਸਪੀ (ਸੀਆਈਡੀ) ਨੂੰ ਸਾਫ਼ ਸੁਣਿਆ ਜਾ ਸਕਦਾ ਹੈ। ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਰੂਟ ‘ਤੇ ਰੋਕ ਬਾਰੇ ਪਹਿਲਾਂ ਹੀ ਪਤਾ ਸੀ ਅਤੇ ਦੋਵਾਂ ਨੇ ਪਹਿਲਾਂ ਹੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ। ਪਰ ਫਿਰ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਤਾਹੀ ਚੰਗੀ ਤਰ੍ਹਾਂ ਸੋਚੀ-ਸਮਝੀ ਯੋਜਨਾਬੱਧ ਅਤੇ ਮਿਲੀਭੁਗਤ ਨਾਲ ਕੀਤੀ ਗਈ ਸੀ।
ਜੀਵਨ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਖਿਲਾਫ ਖਾਲਿਸਤਾਨੀ ਧੜੇ ਵੀ ਸਰਗਰਮ ਹਨ। ‘ਸਿੱਖਸ ਫਾਰ ਜਸਟਿਸ’ ਦੇ ਗੁਰਪਤਵੰਤ ਸਿੰਘ ਪੰਨੂ ਨੇ ਵੀ ਪ੍ਰਧਾਨ ਮੰਤਰੀ ਨੂੰ ਜੁੱਤੀ ਦਿਖਾਉਣ ਵਾਲੇ ਨੂੰ ਇੱਕ ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ। ਇਸ ਦੇ ਬਾਵਜੂਦ ਅੰਦੋਲਨਕਾਰੀਆਂ ਨੂੰ ਯੋਜਨਾਬੱਧ ਤਰੀਕੇ ਨਾਲ ਪ੍ਰਧਾਨ ਮੰਤਰੀ ਦੇ ਕਾਫ਼ਿਲੇ ਦੇ ਰਸਤੇ ਵਿੱਚ ਆਉਣ ਦਿੱਤਾ ਗਿਆ। ਜਿਸ ਫਲਾਈਓਵਰ ‘ਤੇ ਪ੍ਰਧਾਨ ਮੰਤਰੀ ਦਾ ਕਾਫਲਾ ਫਸਿਆ ਸੀ, ਉਹ ਪਾਕਿਸਤਾਨੀ ਸਰਹੱਦ ਤੋਂ ਮਹਿਜ਼ 10 ਕਿਲੋਮੀਟਰ ਦੂਰ ਸੀ ਅਤੇ ਪਾਕਿਸਤਾਨੀ ਤੋਪਖਾਨੇ ਅਤੇ ਸਨਾਈਪਰਾਂ ਦੀ ਰੇਂਜ ਵਿੱਚ ਸਨ। ਸਰਹੱਦ ਤੋਂ ਐਨੀ ਦੂਰੀ ‘ਤੇ ਸਰਹੱਦ ਪਾਰ ਤੋਂ ਡਰੋਨਾਂ ਵੱਲੋਂ ਵਿਸਫੋਟਕ ਆਦਿ ਸੁੱਟਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਸਮੇਤ ਹੋਰ ਕਾਂਗਰਸੀ ਆਗੂ ਇਸ ਸਾਰੇ ਘਟਨਾਕ੍ਰਮ ‘ਤੇ ਆਪਣੀ ਘਿਨਾਉਣੀ ਸਾਜ਼ਿਸ਼ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਝੂਠ ‘ਤੇ ਝੂਠ ਬੋਲ ਰਹੇ ਹਨ, ਪਰ ਹੁਣ ਚੈਨਲ ਵੱਲੋਂ ਕੀਤੇ ਗਏ ਸਟਿੰਗ ਆਪ੍ਰੇਸ਼ਨ ‘ਚ ਕਾਂਗਰਸੀਆਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਹੋ ਗਿਆ ਹੈI ਇਹ ਲੋਕ ਨਾ ਸਿਰਫ ਆਪਣੇ ਫਾਇਦੇ ਲਈ ਦੇਸ਼ ਦੀ ਸੁਰੱਖਿਆ ਦਾ ਸੌਦਾ ਕਰ ਸਕਦੇ ਹਨ, ਸਗੋਂ ਕਿਸੇ ਨੂੰ ਮਾਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ? ਜੀਵਨ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਕਾਂਗਰਸੀਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਅਤੇ ਇਸ ਵਾਰ ਪੰਜਾਬ ਅਤੇ ਸੂਬੇ ਦੇ ਲੋਕਾਂ ਨੂੰ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਅਪੀਲ ਕੀਤੀ।