*ਆਪ ਦੇ ਸਾਬਕਾ ਵਲੰਟੀਅਰਾਂ ਵੱਲੋਂ ਪ੍ਰੈੱਸ ਕਲੱਬ ਵਿੱਚ ਹੋਏ ਘਟਨਾਕ੍ਰਮ ਤੇ ਖੇਦ ਪ੍ਰਗਟ*
ਜਲੰਧਰ (17 ਜਨਵਰੀ) ਆਮ ਆਦਮੀ ਪਾਰਟੀ ਦੇ ਕੁਝ ਸਾਬਕਾ ਵਲੰਟੀਅਰਾਂ ਵੱਲੋਂ ਇਕ ਪ੍ਰੈੱਸ ਕਾਨਫਰੰਸ ਵਿੱਚ ਬੀਤੇ ਦਿਨੀਂ 7 ਜਨਵਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਹੋਈ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਹੀ ਕੁਝ ਨਾਰਾਜ਼ ਚੱਲ ਰਹੇ ਵਰਕਰਾਂ ਅਤੇ ਹੋਰ ਲੋਕਾਂ ਵੱਲੋਂ ਕਲੱਬ ਦੇ ਕੈਂਪਸ ਵਿਚ ਹੋਏ ਘਟਨਾਕ੍ਰਮ ਪ੍ਰਤੀ ਖੇਦ ਪ੍ਰਗਟ ਕੀਤਾ ਗਿਆ ਅਤੇ ਪ੍ਰੈਸ ਕਲੱਬ ਤੋਂ ਮੁਆਫੀ ਮੰਗੀ ਗਈ। ਪਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਸ਼ਿਵ ਦਿਆਲ ਮਾਲੀ, ਡਾਕਟਰ ਸੰਜੀਵ ਸ਼ਰਮਾ ਅਤੇ ਉਨਾਂ ਦੇ ਹੋਰ ਸਾਥੀਆਂ ਵੱਲੋਂ ਇਹ ਪ੍ਰਗਟਾਵਾ ਕੀਤਾ ਗਿਆ ਕਿ ਇਸ ਘਟਨਾ ਕਰਕੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਪੰਜਾਬ ਪ੍ਰੈਸ ਕਲੱਬ ਦੀ ਸਾਖ ਨੂੰ ਢਾਹ ਲੱਗੀ ਹੈ। ਜਿਸਦੇ ਕਰਕੇ ਉਨ੍ਹਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਪ੍ਰੈੱਸ ਕਲੱਬ ਦੀ ਮਾਣ-ਮਰਿਆਦਾ ਨੂੰ ਹੋਰ ਉੱਚਾ ਚੁੱਕਣ ਲਈ ਅਤੇ ਹਮੇਸ਼ਾਂ ਇਸਦੇ ਅੰਦਰ ਅਨੁਸ਼ਾਸਨ ਬਣਾਈ ਰੱਖਣ ਲਈ ਵਚਨਬੱਧ ਰਹਿਣ ਦਾ ਭਰੋਸਾ ਦਿਵਾਇਆ।
ਡਾਕਟਰ ਮਾਲੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਇਸ ਪ੍ਰਗਟਾਵੇ ਲਈ ਕੱਲਬ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਹੋਰ ਰਾਜਸੀ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਕਲੱਬ ਅੰਦਰ ਅਨੁਸ਼ਾਸਨ ਬਣਾਈ ਰੱਖਣ ਅਤੇ ਕਲੱਬ ਦੀ ਸਾਖ ਨੂੰ ਧਿਆਨ ਵਿੱਚ ਰਖਦਿਆਂ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ।