*ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਆਰ.ਐਨ.ਸਿੰਘ ਜੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ*
ਜਲੰਧਰ (25 ਜਨਵਰੀ)
ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਅੱਜ ਪ੍ਰੈੱਸ ਕਲੱਬ ਦੇ ਬਾਨੀ ਪ੍ਰਧਾਨ ਫੋਟੋ-ਜਰਨਲਿਸਟ ਸਵਰਗੀ ਆਰ.ਐਨ.ਸਿੰਘ ਦੀ ਬਰਸੀ ਮਨਾਈ ਗਈ। ਆਰ.ਐਨ.ਸਿੰਘ ਨੇ ਆਪਣੀ ਸਾਰੀ ਉਮਰ ਨਿਡਰ ਅਤੇ ਅਦਾਰੇ ਪ੍ਰਤੀ ਹਮੇਸ਼ਾ ਸਮਰਪਿਤ ਰਹਿ ਕੇ ਲੋਕਤੰਤਰ ਦੇ ਚੌਥੇ ਸਤੰਭ ਦੀ ਇੱਕ ਪ੍ਰੇਰਣਾ-ਸਰੋਤ ਬਣ ਕੇ ਸੇਵਾ ਨਿਭਾਈ। ਹਰ ਇੱਕ ਨੂੰ ਚੰਦ ਪਲਾਂ ਵਿੱਚ ਆਪਣੇ ਮਿੱਠੇ ਸੁਭਾਅ ਦੇ ਕਲਾਵੇ ਵਿੱਚ ਸਮੇਟ ਲੈਣ ਵਾਲੇ ਵਿਲੱਖਣ ਇਨਸਾਨ ਸਨ। ਉਹਨਾਂ ਦੇ ਜੀਵਨ ਦੇ ਇਕ ਵੱਡੇ ਸੰਘਰਸ਼ ਤੋਂ ਬਾਅਦ ਪੱਤਰਕਾਰ ਜਗਤ ਨਾਲ ਜੁੜੇ ਲੋਕਾਂ ਨੂੰ ਜਲੰਧਰ ਵਿੱਚ ਪ੍ਰੈਸ ਕਲੱਬ ਨਸੀਬ ਹੋਇਆ। ਅੱਜ ਇਸ ਸ਼ਖਸ਼ੀਅਤ ਨੂੰ ਯਾਦ ਕਰਦਿਆਂ ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਕਲੱਬ ਵਿੱਚ ਲੱਗੇ ਉਨ੍ਹਾਂ ਦੇ ਬੁੱਤ ਨੂੰ ਪਹਿਲਾਂ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ ਅਤੇ ਉਸ ਉਪਰੰਤ ਇੱਕ ਖਾਸ ਅਤੇ ਸੰਖੇਪ ਉਲੀਕੇ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਆਏ ਹੋਏ ਪਤਵੰਤੇ ਪੱਤਰਕਾਰਾਂ ਅਤੇ ਸੱਜਣਾਂ ਨੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਕਲੱਬ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਉਨ੍ਹਾਂ ਦੀਆਂ ਕਲੱਬ ਨੂੰ ਸਮਰਪਤ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵੱਲੋਂ ਪੱਤਰਕਾਰਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਤਰਜੀਹ ਦਿੰਦਿਆਂ ਹਮੇਸ਼ਾਂ ਇਹਨਾਂ ਨੂੰ ਜਾਰੀ ਰੱਖਣ ਲਈ ਵਚਨਬੱਧ ਰਹਿਣ ਦੀ ਆਸ ਪ੍ਰਗਟਾਈ। ਇਸ ਮੌਕੇ ਉਹਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਮਨੋਜ ਤ੍ਰਿਪਾਠੀ, ਮਲਕੀਤ ਸਿੰਘ, ਸੁਨੀਲ ਰੁਦਰਾ, ਸੁਕਰਾਂਤ ਸਫ਼ਰੀ, ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਸਿੰਘ ਫੁੱਲ, ਰਣਜੀਤ ਸਿੰਘ ਸੋਢੀ, ਵਿਨੋਦ ਸਭਰਵਾਲ, ਜਸਬੀਰ ਸਿੰਘ ਸੋਢੀ, ਨਰਿੰਦਰ ਗੁਪਤਾ, ਇੰਦਰਜੀਤ ਸਿੰਘ, ਅਭਿਨੰਦਨ ਭਾਰਤੀ, ਕਲੱਬ ਦੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਸਮੇਤ ਹੋਰ ਵੀ ਕਈ ਪੱਤਰਕਾਰ ਤੇ ਕਲੱਬ ਨਾਲ ਜੁੜੇ ਮੈਂਬਰ ਵੀ ਹਾਜ਼ਰ ਸਨ।