*ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਫਰਾਂਸ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਦਸ ਨੌਜਵਾਨਾਂ ਦੀਆਂ ਅਸਥੀਆਂ ਉਨ੍ਹਾਂ ਦੇ ਪ੍ਰੀਵਾਰਿਕ ਮੈਂਬਰਾਂ ਨੂੰ ਜਲੰਧਰ ਸੌਂਪੀਆਂ *
ਜਲੰਧਰ 12 ਮਾਰਚ (ਦਾ ਮਿਰਰ ਪੰਜਾਬ ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ , ਜਿਹੜੇ ਕਿ ਇੰਹੀਂ ਦਿਨੀ ਪੰਜਾਬ ਪਹੁੰਚੇ ਹੋਏ ਹਨ , ਉਨ੍ਹਾਂ ਨੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਫਰਾਂਸ ਤੋਂ ਲਿਆਂਦੀਆਂ ਦਸ ਅਭਾਗੇ ਨੌਜਵਾਨਾਂ ਦੀਆਂ ਅਸਥੀਆਂ ਉਨ੍ਹਾਂ ਦੇ ਪ੍ਰੀਵਾਰਿਕ ਮੈਂਬਰਾਂ ਨੂੰ ਸੌਂਪੀਆਂ | ਸਰਦਾਰ ਭੱਟੀ ਦੇ ਦੱਸਣ ਮੁਤਾਬਿਕ ਸੰਨ ਦੋ ਹਜਾਰ ਇੱਕੀ ਵਿੱਚ ਟੋਟਲ ਸਤਾਰਾਂ ਭਾਰਤੀਆਂ ਦੀ ਮੌਤ ਅਲੱਗ ਅਲੱਗ ਕਾਰਨਾਂ ਅਤੇ ਵੱਖੋ ਵੱਖ ਤਰੀਕਾਂ ਦਰਮਿਆਨ ਫਰਾਂਸ ਵਿਖੇ ਹੋਈਆਂ ਸਨ , ਜਿਨ੍ਹਾਂ ਵਿੱਚੋਂ ਸਬੰਧਿਤ ਦੁਖੀ ਪ੍ਰੀਵਾਰਾਂ ਦੀ ਮੰਗ ਅਨੁਸਾਰ ਸੱਤ ਮਿਰਤਕ ਦੇਹਾਂ ਅਲੱਗ ਅੱਲਗ ਸਮੇਂ ਅਨੁਸਾਰ ਭਾਰਤ ਭੇਜ ਦਿੱਤੀਆਂ ਗਈਆਂ ਸਨ ਅਤੇ ਦਸ ਜਣਿਆਂ ਦਾ ਦਾਹ ਸਸਕਾਰ ਫਰਾਂਸ ਵਿਖੇ ਕਰਨ ਉਪਰੰਤ ਉਨ੍ਹਾਂ ਦੀਆਂ ਅਸਥੀਆਂ ਫਰਾਂਸ ਤੋਂ ਜਲੰਧਰ , ਸਬੰਧਿਤ ਪ੍ਰੀਵਾਰਾਂ ਕੋਲ ( ਫ੍ਰੀ ਕੌਂਸਟ ) ਬੀਤੇ ਕੱਲ ਪ੍ਰੈੱਸ ਦੀ ਹਾਜਰੀ ਵਿੱਚ ਸੌਂਪੀਆਂ ਗਈਆਂ ਸਨ | ਇੱਥੇ ਇਹ ਵੀ ਦਸਣ ਯੋਗ ਹੈ ਕਿ ਪੰਜਾਬ ਸਰਕਾਰ ਕੋਲੋਂ ਮਾਨਤਾ ਪ੍ਰਾਪਤ ਇਸ ਸੰਸਥਾ ਨੇ 2003 ਤੋਂ ਲੈ ਕੇ ਹੁਣ ਤੱਕ 257 ਮਿਰਤਕ ਦੇਹਾਂ ਵਿੱਚੋਂ ਪ੍ਰੀਵਾਰਾਂ ਦੀ ਮੰਗ ਅਨੁਸਾਰ ਕਈਆਂ ਨੂੰ ਭਾਰਤ ਪਹੁੰਚਾਇਆ ਹੈ ਅਤੇ ਕਈਆਂ ਦਾ ਦਾਹ ਸਸਕਾਰ ਫਰਾਂਸ ਵਿਖੇ ਕਰਨ ਉਪਰੰਤ ਉਨ੍ਹਾਂ ਦੀਆਂ ਅਸਥੀਆਂ ਭਾਰਤ ਪਹੁੰਚਾਈਆਂ ਹਨ |