ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਬਣਾਇਆ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ
: ਸ਼ਰਮਾ
ਮੋਦੀ ਨੂੰ ਦੇਸ਼ ਦਾ ਪ੍ਰਧਾਨ ਸੇਵਕ ਕਹੇ ਜਾਣ ਨੂੰ ਸਾਕਾਰ ਬਣਾਉਣ ਲਈ ਭਾਜਪਾ 15 ਦਿਨ ਕਰੇਗੀ ਮਨੁੱਖੀ-ਸੇਵਾ: ਅਸ਼ਵਨੀ ਸ਼ਰਮਾ
ਭਾਜਪਾ ‘ਸੇਵਾ ਪਖਵਾੜਾ’ ਵਜੋਂ ਪੰਜਾਬ ਭਰ ‘ਚ ਮਨਾਏਗੀ ਮੋਦੀ ਦਾ ਜਨਮ ਦਿਨ।
ਜਲੰਧਰ: 11 ਸਤੰਬਰ ( ), ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਪ੍ਰਕਲਪ ਪਖਵਾੜਾ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਅੱਜ ਜਲੰਧਰ ਵਿਖੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸੂਬੇ ਭਰ ਦੇ ਭਾਜਪਾ ਅਹੁਦੇਦਾਰਾਂ, ਜਿਸ ਵਿਚ ਸੂਬਾ ਭਾਜਪਾ ਕੋਰ ਕਮੇਟੀ ਮੈਂਬਰ, ਸੂਬਾ ਭਾਜਪਾ ਅਹੁਦੇਦਾਰ, ਸਮੂਹ ਜ਼ਿਲ੍ਹਾ ਇੰਚਾਰਜਾਂ, ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਾਰੇ ਮੋਰਚੀਆਂ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਸ਼ਵਨੀ ਸ਼ਰਮਾ ਦੇ ਨਾਲ ਸ੍ਟੇਜ ‘ਤੇ ਸੂਬਾ ਸੰਗਠਨ ਜਨਰਲ ਸਕੱਤਰ ਸ਼੍ਰੀਮੰਤਰੀ ਸ੍ਰੀਨਿਵਾਸੂਲੂ, ਭਾਜਪਾ ਦੇ ਕੌਮੀ ਸਕੱਤਰ ਤੇ ਪੰਜਾਬ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਡਾ: ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ ਆਦਿ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।
ਅਸ਼ਵਨੀ ਸ਼ਰਮਾ ਨੇ ਪ੍ਰੋਗਰਾਮ ਵਿੱਚ ਡਾ: ਨਰਿੰਦਰ ਸਿੰਘ ਰੈਨਾ ਨੂੰ ਮੁੜ ਪੰਜਾਬ ਦੇ ਸਹਿ-ਇੰਚਾਰਜ ਵਜੋਂ ਨਿਯੁਕਤ ਹੋਣ ‘ਤੇ ਵਧਾਈ ਦਿੱਤੀI ਮੀਟਿੰਗ ਵਿੱਚ ਹਾਜ਼ਰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ 17 ਸਤੰਬਰ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਸੂਬੇ ਭਰ ਵਿੱਚ ਮਨਾਇਆ ਜਾਵੇਗਾ। ਇਸ ਤਹਿਤ 17 ਸਤੰਬਰ ਤੋਂ 02 ਅਕਤੂਬਰ ਤੱਕ ਸਮਾਜ ਸੇਵਾ ਪਖਵਾੜਾ ਮਨਾਇਆ ਜਾਵੇਗਾ। ਸ਼ਰਮਾ ਨੇ ਕਿਹਾ ਕਿ ਅੱਜ ਦੁਨੀਆ ਦੇ ਸਾਰੇ ਪ੍ਰਮੁੱਖ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਹਾ ਮੰਨ ਰਹੇ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟੇਨ ਨੂੰ ਪਛਾੜ ਕੇ ਭਾਰਤ ਨੂੰ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣਾ ਦਿੱਤਾ ਹੈ। ਇਸ ਦੇ ਲਈ ਪੰਜਾਬ ਦੇ ਲੋਕਾਂ ਦੀ ਤਰਫੋਂ ਪੰਜਾਬ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੀ ਹੈ। ਸ਼ਰਮਾ ਨੇ ਸਮੂਹ ਵਰਕਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਮਣਾਏ ਜਾਣ ਵਾਲੇ ਪਖਵਾੜੇ ਦੌਰਾਨ ਕੇਂਦਰੀ ਲੀਡਰਸ਼ਿਪ ਵੱਲੋਂ ਭੇਜੇ ਗਏ ਸੇਵਾ ਕਾਰਜਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਪੂਰੇ ਤਨ-ਮਨ ਨਾਲ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸ਼ਰਮਾ ਨੇ ਸੂਬਾ ਭਾਜਪਾ ਵੱਲੋਂ 2 ਅਕਤੂਬਰ ਤੋਂ ਬਾਅਦ ਸੂਬੇ ਭਰ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵੀ ਵਰਕਰਾਂ ਨੂੰ ਜਾਣਕਾਰੀ ਦਿੱਤੀ।
ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸ੍ਰੀਨਿਵਾਸਲੂ ਨੇ ਹਾਜ਼ਰ ਸਾਰੇ ਵਰਕਰਾਂ ਦੇ ਸਾਹਮਣੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਭਰ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਵਿਸਤ੍ਰਿਤ ਰੂਪਰੇਖਾ ਰੱਖੀ ਅਤੇ ਉਨ੍ਹਾਂ ਤੋਂ ਸੁਝਾਅ ਵੀ ਲਏ ਅਤੇ ਸਬੰਧਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਦਿਆਲ ਸਿੰਘ ਸੋਢੀ ਨੇ ਇਸ ਮੌਕੇ ਪਖਵਾੜੇ ਦੌਰਾਨ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਪੂਰੇ ਪੰਦਰਵਾੜੇ ਦੌਰਾਨ ਭਾਜਪਾ ਵਰਕਰ ਵੱਖ-ਵੱਖ ਪ੍ਰੋਗਰਾਮ ਉਲੀਕਣਗੇ। 17 ਸਤੰਬਰ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਬੀਜੇਵਾਈਐਮ ਵਰਕਰਾਂ ਵੱਲੋਂ ਖੂਨਦਾਨ ਕੈਂਪ ਲਾਏ ਜਾਣਗੇ। ਮੈਡੀਕਲ ਸੈੱਲ ਦੇ ਸੂਬਾ ਕੋਆਰਡੀਨੇਟਰ ਰਣਵੀਰ ਕੌਸ਼ਲ ਦੀ ਅਗਵਾਈ ਹੇਠ 18 ਸਤੰਬਰ ਨੂੰ ਸੂਬੇ ਭਰ ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਏ ਜਾਣਗੇ। 19 ਸਤੰਬਰ ਨੂੰ ਸੂਬਾ ਕਾਰਜਕਾਰਨੀ ਮੈਂਬਰ ਜਸਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਖ਼ਸੀਅਤ ਬਾਰੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। 20 ਅਤੇ 21 ਸਤੰਬਰ ਨੂੰ ਸੂਬਾ ਕਾਰਜਕਾਰਨੀ ਮੈਂਬਰ ਡਾ. ਰਾਜ ਕੁਮਾਰ ਵੇਰਕਾ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਸਵੱਛਤਾ ਮੁਹਿੰਮ ਸਬੰਧੀ ਪ੍ਰੋਗਰਾਮ ਉਲੀਕੇ ਜਾਣਗੇ। 22 ਸਤੰਬਰ ਨੂੰ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਰਜਿੰਦਰ ਬਿੱਟਾ ਦੀ ਅਗਵਾਈ ਹੇਠ ਕੈਚ ਦ ਰੇਨ ਮੁਹਿੰਮ ਤਹਿਤ ਸੂਬੇ ਭਰ ਵਿੱਚ ਪਾਣੀ ਦੀ ਸੰਭਾਲ ਸੰਬੰਧੀ ਪ੍ਰੋਗਰਾਮ ਉਲੀਕੇ ਜਾਣਗੇ। 23 ਸਤੰਬਰ ਨੂੰ ਸੂਬਾ ਭਾਜਪਾ ਉਪ ਪ੍ਰਧਾਨ ਰਾਕੇਸ਼ ਰਾਠੌਰ ਦੀ ਅਗਵਾਈ ‘ਚ ਵੋਕਲ ਫਾਰ ਲੋਕਲ ਮੁਹਿੰਮ ਤਹਿਤ ਸੂਬੇ ਭਰ ‘ਚ ਪ੍ਰੋਗਰਾਮ ਉਲੀਕੇ ਜਾਣਗੇ। 24 ਸਤੰਬਰ ਨੂੰ ਸੂਬਾ ਕਾਰਜਕਾਰਨੀ ਮੈਂਬਰ ਵਿਜੇ ਸਿੰਗਲਾ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਨਕਲੀ ਅੰਗ ਅਤੇ ਸਾਜ਼ੋ-ਸਾਮਾਨ ਵੰਡਣ ਦੇ ਪ੍ਰੋਗਰਾਮ ਉਲੀਕੇ ਜਾਣਗੇ। 25 ਸਤੰਬਰ ਨੂੰ ਸੂਬਾ ਭਾਜਪਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਦੀ ਅਗਵਾਈ ‘ਚ ਸੂਬੇ ਭਰ ‘ਚ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਪ੍ਰੋਗਰਾਮ ਉਲੀਕੇ ਜਾਣਗੇ। 26 ਸਤੰਬਰ ਨੂੰ ਸੂਬਾ ਭਾਜਪਾ ਦੇ ਬੁਲਾਰੇ ਅਸ਼ੋਕ ਭਾਰਤੀ ਦੀ ਅਗਵਾਈ ‘ਚ ਸੂਬੇ ਭਰ ‘ਚ ਅਨੇਕਤਾ ‘ਚ ਏਕਤਾ (ਏਕ ਭਾਰਤ-ਸ਼੍ਰੇਸ਼ਟ ਭਾਰਤ) ਤਹਿਤ ਪ੍ਰੋਗਰਾਮ ਕਰਵਾਏ ਜਾਣਗੇ। 27 ਸਤੰਬਰ ਨੂੰ ਸੂਬਾ ਭਾਜਪਾ ਸਕੱਤਰ ਰਾਜੇਸ਼ ਹਨੀ ਦੀ ਅਗਵਾਈ ‘ਚ ਸੂਬੇ ਭਰ ‘ਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁਭਕਾਮਨਾਵਾਂ ਅਤੇ ਅਭਿਨੰਦਨ ਸੰਬੰਧੀ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। 28 ਸਤੰਬਰ ਨੂੰ ਸੂਬਾ ਭਾਜਪਾ ਦੇ ਬੁਲਾਰੇ ਐਸ. ਐੱਸ. ਚੰਨੀ ਦੀ ਅਗਵਾਈ ਹੇਠ ਸੂਬੇ ਭਰ ‘ਚ ਪ੍ਰ੍ਭੁਧਜਨਾਂ ਅਤੇ ਬੁੱਧੀਜੀਵੀਆਂ ਦੀਆਂ ਕਾਨਫਰੰਸਾਂ ਕਰਵਾਈਆਂ ਜਾਣਗੀਆਂ। 29 ਸਤੰਬਰ ਨੂੰ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਸ੍ਰੀਮਤੀ ਮੋਨਾ ਜੈਸਵਾਲ ਦੀ ਅਗਵਾਈ ਹੇਠ ਸੂਬੇ ਭਰ ਦੇ ਕੋਵਿਡ ਟੀਕਾਕਰਨ ਕੇਂਦਰਾਂ ‘ਤੇ ਸਟਾਲ ਲਗਾ ਕੇ ਲੋਕਾਂ ਨੂੰ ਕੋਰੋਨਾ ਟੀਕਾਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ। 30 ਸਤੰਬਰ ਨੂੰ ਸੂਬਾਈ ਸੈੱਲਾਂ ਦੇ ਇੰਚਾਰਜ ਜਤਿੰਦਰ ਕਾਲੜਾ ਦੀ ਅਗਵਾਈ ‘ਚ ਨਿਕਸ਼ੈ ਮਿੱਤਰ ਪ੍ਰੋਗਰਾਮ (ਟੀ.ਬੀ. ਮੁਕਤ ਭਾਰਤ) ਤਹਿਤ ਸੂਬੇ ਭਰ ‘ਚ ਪ੍ਰੋਗਰਾਮ ਉਲੀਕੇ ਜਾਣਗੇI 01 ਅਕਤੂਬਰ ਨੂੰ ਸੂਬਾਈ ਭਾਜਪਾ ਦੇ ਬੁਲਾਰੇ ਦਰਸ਼ਨ ਸਿੰਘ ਨੈਣੇਵਾਲ ਦੀ ਅਗਵਾਈ ‘ਚ ਸੂਬੇ ਭਰ ‘ਚ ਰੁੱਖ ਲਗਾਓ ਪ੍ਰੋਗਰਾਮ ਮੁਹਿੰਮ ਤਹਿਤ ਲਾਈਫ ਪ੍ਰੋ-ਪਲੈਨੇਟ ਪੀਪਲ ਦੇ ਪ੍ਰੋਗਰਾਮ ਕਰਵਾਏ ਜਾਣਗੇ। 02 ਅਕਤੂਬਰ ਨੂੰ ਸੂਬਾ ਕਾਰਜਕਾਰਨੀ ਮੈਂਬਰ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਸੂਬੇ ਭਰ ਵਿੱਚ ਗਾਂਧੀ ਜੈਅੰਤੀ ਮੌਕੇ ਪ੍ਰੋਗਰਾਮ ਉਲੀਕੇ ਜਾਣਗੇ। ਦਿਆਲ ਸਿੰਘ ਸੋਢੀ ਨੇ ਸਾਰਿਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।
ਸੁਭਾਸ਼ ਸ਼ਰਮਾ ਨੇ ਇਸ ਮੌਕੇ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਕੌਮੀ ਲੀਡਰਸ਼ਿਪ ਵੱਲੋਂ ਤੈਅ ਕੀਤੀ ਪਰਵਾਸ ਯੋਜਨਾ ਤਹਿਤ ਸੂਬੇ ਦੇ ਜ਼ਿਲ੍ਹਿਆਂ ਲਈ ਨਿਯੁਕਤ ਕੀਤੇ ਗਏ ਕੌਮੀ ਆਗੂਆਂ ਦੇ ਪਰਵਾਸ ਪ੍ਰੋਗਰਾਮਾਂ ਬਾਰੇ ਜ਼ਿਲ੍ਹਾ ਮੁਖੀਆਂ ਤੋਂ ਜਾਣਕਾਰੀ ਹਾਸਲ ਕੀਤੀ ਅਤੇ 02 ਅਕਤੂਬਰ ਤੋਂ ਬਾਅਦ ਮੁੜ ਕੀਤੇ ਜਾਣ ਵਾਲੇ ਪਰਵਾਸ ਪ੍ਰੋਗਰਾਮਾਂ ਬਾਰੇ ਹਾਜ਼ਰ ਵਰਕਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 02 ਅਕਤੂਬਰ ਤੋਂ ਬਾਅਦ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਹਰ 15 ਦਿਨਾਂ ਬਾਅਦ ਉਸ ਜ਼ਿਲ੍ਹੇ ਵਿੱਚ ਕੌਮੀ ਲੀਡਰਸ਼ਿਪ ਵੱਲੋਂ ਨਿਯੁਕਤ ਕੀਤੇ ਇੰਚਾਰਜ ਆਗੂ ਉੱਥੇ ਪਹੁੰਚ ਕੇ ਚੋਣਾਂ ਸਬੰਧੀ ਮੀਟਿੰਗਾਂ ਕਰਨਗੇ।