ਪਲੈਨਿੰਗ ਬੋਰਡ ਦੇ ਚੇਅਰਮੈਨ ਨੇ ਬੇਰੁਜ਼ਗਾਰ ਔਰਤਾਂ ਨੂੰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਕੀਤੀ ਅਪੀਲ
ਕਿਹਾ, ਸਾਰੇ ਯੋਗ ਬਿਨੈਕਾਰ 9 ਮਾਰਚ ਤੱਕ ਸੀਡੀਪੀਓ ਦਫ਼ਤਰਾਂ ਵਿੱਚ ਬਿਨੈ ਪੱਤਰ ਜਮ੍ਹਾਂ ਕਰ ਸਕਦੇ ਹਨ
ਜਲੰਧਰ, 6 ਮਾਰਚ-
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਨੇ ਅੱਜ ਬੇਰੁਜ਼ਗਾਰ ਔਰਤਾਂ ਨੂੰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਵੱਡੀ ਗਿਣਤੀ ਵਿੱਚ ਅਪਲਾਈ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਮਹਿਲਾ ਅਤੇ ਬਾਲ ਭਲਾਈ ਵਿਭਾਗ ਅਧੀਨ ਆਉਂਦੀਆਂ ਇਨ੍ਹਾਂ ਸਾਰੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਰਿਕਾਰਡ ਅਨੁਸਾਰ ਜ਼ਿਲ੍ਹੇ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੇ ਯੋਗ ਬਿਨੈਕਾਰ ਆਪਣੇ ਸਬੰਧਤ ਸੀ.ਡੀ.ਪੀ.ਓਜ਼ ਕੋਲ ਬਿਨੈ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 9 ਮਾਰਚ, 2023 ਹੈ ਜਿਸ ਤੋਂ ਬਾਅਦ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਮੈਰਿਟ ਸੂਚੀ ਤਿਆਰ ਕਰੇਗਾ।
ਚੇਅਰਮੈਨ ਨੇ ਇਸ ਮੈਗਾ-ਭਰਤੀ ਮੁਹਿੰਮ ਨੂੰ ਮਹਿਲਾ ਸਸ਼ਕਤੀਕਰਨ ਵੱਲ ਇੱਕ ਹੋਰ ਫੈਸਲਾਕੁੰਨ ਕਦਮ ਕਰਾਰ ਦਿੱਤਾ ਕਿਉਂਕਿ ਇਹ ਨਵੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਗਰੀਬ ਵਰਗ ਦੀਆਂ ਔਰਤਾਂ ਅਤੇ ਬੱਚਿਆਂ ਦੀਆਂ ਲੋੜਾਂ ਨੂੰ ਹੋਰ ਪੂਰਾ ਕਰਨਗੀਆਂ। ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਇਸ ਵਰਗ ਲਈ ਵਿਸ਼ੇਸ਼ ਤੌਰ ‘ਤੇ ਬਣਾਈਆਂ ਗਈਆਂ ਸਕੀਮਾਂ ਦਾ ਲਾਭ ਪਹੁੰਚਾ ਕੇ ਔਰਤਾਂ ਅਤੇ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਭਰਤੀ ਨਾ ਸਿਰਫ਼ ਸੂਬਾ ਸਰਕਾਰ ਦੇ ਮਹਿਲਾ ਅਤੇ ਬਾਲ ਭਲਾਈ ਪ੍ਰੋਗਰਾਮ ਨੂੰ ਮਜ਼ਬੂਤ ਕਰੇਗੀ ਸਗੋਂ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਯੋਗ ਬਿਨੈਕਾਰ jalandhar.nic.in ‘ਤੇ ਆਨਲਾਈਨ ਅਰਜ਼ੀ ਫਾਰਮ ਡਾਊਨਲੋਡ ਕਰ ਸਕਦੇ ਹਨ।