ਭਾਜਪਾ 23 ਅਪ੍ਰੈਲ ਤੋਂ ਸ਼ੁਰੂ ਕਰੇਗੀ 5 ਘੰਟੇ ਦਾ ਜਨ ਸੰਪਰਕ ਅਭਿਆਨ : ਜੀਵਨ ਗੁਪਤਾ
ਕੇਜਰੀਵਾਲ ਤੇ ਭਗਵੰਤ ਮਾਨ ਦੀ ਰੈਲੀ ਹੋਈ ਫਲਾਪ, ਚੋਣਾਂ ‘ਚ ਜਲੰਧਰ ਦੇ ਲੋਕਾਂ ਨਾਲ ਫਿਰ ਬੋਲ ਰਹੇ ਹਨ ਝੂਠ : ਜੀਵਨ ਗੁਪਤਾ
ਜਲੰਧਰ, 21 ਅਪ੍ਰੈਲ ( ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਭਾਜਪਾ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕੀਤਾ। ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕੀਤੀ ਗਈ ਰੈਲੀ ਨੂੰ ਫਲਾਪ ਕਰਾਰ ਦਿੰਦਿਆਂ ਜੀਵਨ ਗੁਪਤਾ ਨੇ ਕਿਹਾ ਕਿ ਇੱਕ ਵਾਰ ਫਿਰ ਦੋਨੋਂ ਰੈਲੀ ਰਾਹੀਂ ਜਲੰਧਰ ਦੀ ਜਨਤਾ ਨੂੰ ਝੂਠ ਬੋਲ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੇ ਹਨ। ਜਲੰਧਰ ਭਾਜਪਾ ਚੋਣ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਉਲੀਕੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਰੈਲੀ ਦੌਰਾਨ ਜ਼ਿਆਦਾਤਰ ਕੁਰਸੀਆਂ ਖਾਲੀ ਸਨ ਅਤੇ ਜਦੋਂ ਕੇਜਰੀਵਾਲ ਭਾਸ਼ਣ ਦੇ ਰਹੇ ਸਨ ਤਾਂ ਜਿਹੜੇ ਥੋੜੇ ਲੋਕ ਬੈਠੇ ਹੋਏ ਸਨ ਉਹ ਵੀ ਲੋਕ ਉੱਠ ਕੇ ਚਲੇ ਗਏ।
ਜੀਵਨ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਪਰ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਭ੍ਰਿਸ਼ਟਾਚਾਰ ‘ਚ ਫਸੇ ਹੋਏ ਹਨ, ਜਿਨ੍ਹਾਂ ‘ਚ ‘ਆਪ’ ਦੇ ਸਿਹਤ ਮੰਤਰੀ ਵਿਜੇ ਸਿੰਗਲਾ, ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ, ਬਠਿੰਡਾ ਦਿਹਾਤੀ ਦੇ ਵਿਧਾਇਕ ਦਾ ਪੀ.ਏ., ਪਹਿਲਾਂ ਦਿੱਲੀ ਦੇ ਸਿਹਤ ਮੰਤਰੀ, ਫਿਰ ਦਿਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਦਿ ਸ਼ਰਾਬ ਆਬਕਾਰੀ ਨੀਤੀ ਘਪਲੇ ਵਿੱਚ ਸਲਾਖਾਂ ਪਿੱਛੇ ਹਨ। ਇੰਨਾ ਹੀ ਨਹੀਂ ਕੇਜਰੀਵਾਲ ਵੀ ਇਸ ਸ਼ਰਾਬ ਘੁਟਾਲੇ ਵਿੱਚ ਸੀਬੀਆਈ ਜਾਂਚ ਦੇ ਘੇਰੇ ਵਿੱਚ ਆ ਚੁੱਕੇ ਹਨ ਅਤੇ ਪੰਜਾਬ ਤੋਂ ‘ਆਪ’ ਦੇ ਮੰਤਰੀ ਅਤੇ ਵਿਧਾਇਕ ਉਸ ਨੂੰ ਬਚਾਉਣ ਲਈ ਦਿੱਲੀ ਜਾ ਰਹੇ ਹਨ। ਕੀ ਦਿੱਲੀ ਦੇ ਮੰਤਰੀ ਜਾਂ ਵਿਧਾਇਕ ਕੇਜਰੀਵਾਲ ਦਾ ਸਮਰਥਨ ਨਹੀਂ ਕਰਦੇ?
ਜੀਵਨ ਗੁਪਤਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਇੱਕ ਸਾਲ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਤਾਂ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਨਤਾ ਨੇ ਕਿਉਂ ਨਕਾਰ ਦਿੱਤਾ, ਜੋ ਕਿ ਭਗਵੰਤ ਮਾਨ ਦੀ ਆਪਣੀ ਸੀਟ ਸੀ। ਅਸਲ ਵਿੱਚ ਜਨਤਾ ਇਨ੍ਹਾਂ ਦੇ ਝੂਠ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੀ ਹੈ ਅਤੇ ਹੁਣ ਸੰਗਰੂਰ ਵਾਂਗ ਜਲੰਧਰ ਦੀਆਂ ਚੋਣਾਂ ਵਿੱਚ ਵੀ ਇਨ੍ਹਾਂ ਨੂੰ ਸਬਕ ਸਿਖਾਏਗੀ। ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਵਿੱਚ ਗੈਂਗਸਟਰ ਅਤੇ ਮਾਫੀਆ ਰਾਜ ਖਤਮ ਕਰਨ ਦੀ ਗੱਲ ਕਰ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਅਜਿਹਾ ਨਹੀਂ ਹੈ। ਇਸ ਦੀ ਤਾਜ਼ਾ ਮਿਸਾਲ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਗਿੱਲ ਨੂੰ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਕੇਜਰੀਵਾਲ ਅਤੇ ਭਗਵੰਤ ਮਾਨ ਜਲੰਧਰ ਵਿੱਚ ਪੀ.ਜੀ.ਆਈ ਪੱਧਰ ਦਾ ਨਵਾਂ ਅਤੇ ਵੱਡਾ ਹਸਪਤਾਲ ਬਣਾਉਣ ਦੀ ਗੱਲ ਕਰ ਰਹੇ ਹਨ, ‘ਤੇ ਜੀਵਨ ਗੁਪਤਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੀ.ਜੀ.ਆਈ ਹਸਪਤਾਲ ਤਾਂ ਕਿ ਬਣਾਉਣਾ ਹੈ ਅਤੇ ਜਿਹੜੇ ਆਮ ਆਦਮੀ ਕਲੀਨਿਕ ਪਹਿਲਾਂ ਖੋਲ੍ਹੇ ਗਏ ਹਨ, ਉਨ੍ਹਾਂ ਵਿੱਚ ਡਾਕਟਰ ਅਤੇ ਸਟਾਫ਼ ਵੀ ਨਹੀਂ ਹੈ ਅਤੇ ਦਵਾਈਆਂ ਅਤੇ ਟੈਸਟ ਵੀ ਨਹੀਂ ਕੀਤੇ ਜਾ ਰਹੇ। ਟੈਸਟਿੰਗ ਕੰਪਨੀ ਨੇ ਤਿੰਨ ਮਹੀਨਿਆਂ ਤੋਂ ਟੈਸਟਿੰਗ ਬੰਦ ਕਰ ਦਿੱਤੀ ਹੈ। ਪਹਿਲਾਂ ਚੱਲ ਰਹੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਉਪਲਬਧ ਨਹੀਂ ਹਨ ਅਤੇ ਮੁਲਾਜ਼ਮ ਹੜਤਾਲ ’ਤੇ ਹਨ।
ਜੀਵਨ ਗੁਪਤਾ ਨੇ ਕਿਹਾ ਕਿ ‘ਆਪ’ ਸਰਕਾਰ 28 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਅਤੇ 25 ਹਜ਼ਾਰ ਆਰਜ਼ੀ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਲੱਖਾਂ ਹੋਰ ਨੌਜਵਾਨਾਂ ਨੂੰ ਅਗਲੇ ਚਾਰ ਸਾਲਾਂ ਵਿੱਚ ਰੁਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ, ਜਦਕਿ ਇਹ ਸਿਰਫ਼ ਪੰਜਾਬ ਅਤੇ ਹੋਰ ਚੋਣਵੇਂ ਸੂਬਿਆਂ ਵਿੱਚ ਪ੍ਰਚਾਰ ਕਰਨ ਤੱਕ ਹੀ ਸੀਮਤ ਹਨ। ਅਸਲੀਅਤ ਇਸ ਦੇ ਬਿਲਕੁਲ ਉਲਟ ਹੈ। ਗੁਪਤਾ ਨੇ ਸਵਾਲ ਕੀਤਾ ਕਿ ਜੇਕਰ ਨੌਕਰੀਆਂ ਦਿੱਤੀਆਂ ਗਈਆਂ ਹਨ ਤਾਂ ਕਿੱਥੇ ਹਨ ਨੌਕਰੀਆਂ ਹਾਸਲ ਕਰਨ ਵਾਲੇ ਅਤੇ ਪੱਕੇ ਹੋਏ ਕੱਚੇ ਕਾਮੇ? ਜੀਵਨ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਝੂਠ ਦੇ ਸਹਾਰੇ ਪਨਾਜ੍ਬ ਦੀ ਸੱਤਾ ਹਾਸਿਲ ਕੀਤੀ ਹੈI ਜਨਤਾ ਇਨ੍ਹਾਂ ਦੀ ਸੱਚਾਈ ਜਾਣ ਚੁੱਕੀ ਹੈ ਅਤੇ ਹੁਣ ਇਸ ਦਾ ਜਵਾਬ ਦੇਣ ਲਈ ਤਿਆਰ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ, ਉਹ ਕਰਦੀ ਹੈ ਅਤੇ ਇਸ ਦੀ ਮਿਸਾਲ ਜਲੰਧਰ ਵਿੱਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਤਹਿਤ ਜਲੰਧਰ ਵਿੱਚ ਚੱਲ ਰਹੇ ਵਿਕਾਸ ਕਾਰਜ ਹਨ, ਜਿਨ੍ਹਾਂ ਦਾ ਕੰਮ ਚੱਲ ਰਿਹਾ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ਜਲੰਧਰ ਲੋਕ ਸਭਾ ਹਲਕੇ ਵਿੱਚ 23 ਅਪ੍ਰੈਲ ਤੋਂ ਸਵੇਰੇ 7 ਤੋਂ 10 ਵਜੇ ਤੱਕ ਅਤੇ ਸ਼ਾਮ 6 ਤੋਂ 8 ਵਜੇ ਤੱਕ 5 ਘੰਟੇ ਦੀ ਨਵਾਂ ਜਨ ਸੰਪਰਕ ਮਹਾਅਭਿਆਨ ਸ਼ੁਰੂ ਕਰੇਗੀ, ਜਿਸ ਵਿੱਚ ਸੂਬਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਦੇ ਨੇਤਾ ਅਤੇ ਵਰਕਰਾਂ ਸ਼ਾਮਿਲ ਹੋਣਗੇ। ਇਸ ਅਭਿਆਨ ਦੌਰਾਨ ਹਰ ਮੰਡਲ, ਹਰ ਸ਼ਕਤੀ ਕੇਂਦਰ, ਹਰ ਬੂਥ ਪੱਧਰ ਦੇ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਭਾਜਪਾ ਦੀ ਸੋਚ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ 9 ਸਾਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣਗੇ ਅਤੇ ਪੰਜਾਬ ਸਰਕਾਰ ਦੀ ਸੂਬਾ-ਵਿਰੋਧੀ ਸੋਚ ਅਤੇ ਜਨਤਾ-ਵਿਰੋਧੀ ਕੰਮਾਂ ਤੋਂ ਜਾਣੂ ਕਰਵਾਉਣਗੇ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਲੋਕਲ ਬੋਡੀ ਮੰਤਰੀ ਤੀਕਸ਼ਣ ਸੂਦ, ਸਰਬਜੀਤ ਮੱਕੜ, ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ, ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਰਜਿੰਦਰ ਬਿੱਟਾ, ਸੂਬਾ ਸੋਸ਼ਲ ਮੀਡੀਆ ਇੰਚਾਰਜ ਰਾਕੇਸ਼ ਗੋਇਲ, ਮੰਡਲ ਇੰਚਾਰਜ ਰਾਜੀਵ ਢੀਂਗਰਾ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ ਆਦਿ ਵੀ ਹਾਜ਼ਰ ਸਨI