*ਹਰਪਾਲ ਚੀਮਾ ਦਾ ਸਿੱਧੂ ਨੂੰ ਠੋਕਵਾਂ ਜਵਾਬ “ਜੋ ਕਾਂਗਰਸ ਸਰਕਾਰ 5 ਸਾਲਾਂ ਵਿੱਚ ਨਹੀਂ ਕਰ ਸਕੀ, ਅਸੀਂ 1 ਸਾਲ ਵਿੱਚ ਕਰਕੇ ਵਿਖਾ ਦਿੱਤਾ ਹੈ”*
*28000+ ਨੌਕਰੀਆਂ, 500+ ਆਮ ਆਦਮੀ ਕਲੀਨਿਕ, 300 ਯੂਨਿਟ ਮੁਫਤ ਬਿਜਲੀ, 1 ਕਰੋੜ ਦੀ ਐਕਸ ਗ੍ਰੇਸ਼ੀਆ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਸਾਡੀਆਂ ਪ੍ਰਾਪਤੀਆਂ ਦੀ ਮੂੰਹ ਬੋਲਦੀ ਉਦਾਹਰਨ ਹੈ*
*ਮੈਂ ਚੁਣੌਤੀ ਦਿੰਦਾ ਹਾਂ ਸਿੱਧੂ ਨੂੰ, ਕਿ ਉਹ ਕਾਂਗਰਸ ਸਰਕਾਰ ਵੇਲੇ ਦੀਆਂ 10 ਪ੍ਰਾਪਤੀਆਂ ਹੀ ਗਿਣਾ ਦੇਵੇ : ਹਰਪਾਲ ਚੀਮਾ*
ਜਲੰਧਰ, 22 ਅਪ੍ਰੈਲ
ਆਮ ਆਦਮੀ ਪਾਰਟੀ (ਆਪ) ਨੇ ਨਵਜੋਤ ਸਿੰਘ ਸਿੱਧੂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਸਿੱਧੂ ਨੂੰ ਨਕਾਰਨ ਅਤੇ ਆਪਣੇ ਕੀਤੇ ਅਪਰਾਧਾਂ ਲਈ ਜੇਲ੍ਹ ਜਾਣ ਦੇ ਬਾਵਜੂਦ ਵੀ ਸਿੱਧੂ ਨੇ ਕੋਈ ਸਬਕ ਨਹੀਂ ਸਿੱਖਿਆ।
‘ਆਪ’ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨਾਲ ਇੱਥੇ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਯਾਦ ਕਰਵਾਇਆ ਕਿ ਉਸਨੇ ਕਿਸ ਤਰ੍ਹਾਂ ਭ੍ਰਿਸ਼ਟ ਕਾਂਗਰਸ ਸਰਕਾਰ ਦਾ ਹਿੱਸਾ ਹੁੰਦਿਆ ਕਦੇ ਵੀ ਪੰਜਾਬ ਦੇ ਭਲੇ ਲਈ ਆਪਣੀ ਆਵਾਜ਼ ਨਹੀ ਉਠਾਈ।
‘ਆਪ’ ਆਗੂ ਨੇ ਕਿਹਾ ਕਿ ਪੰਜਾਬ ‘ਚ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਰਹੀ ਅਤੇ ਸੱਤਾ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਵਿਖਾਏ ਸੀ। ਉਨ੍ਹਾਂ ਦੇ ਵਾਅਦਿਆਂ ਵਿੱਚ ‘ਘਰ-ਘਰ ਨੌਕਰੀ’, ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫੀ, ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਬੇਅਦਬੀ ਦੇ ਮਾਮਲਿਆਂ ਵਿੱਚ ਨਿਆਂ, ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂਡ ਆਦਿ ਸ਼ਾਮਲ ਸਨ। ਪਰ ਸਾਢੇ ਚਾਰ ਸਾਲ ਕਾਂਗਰਸ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਸਾਰੇ ਜਾਣਦੇ ਹਾਂ ਅਤੇ ਉਨ੍ਹਾਂ ਦੀ ਕੈਬਨਿਟ ਪੂਰੀ ਤਰ੍ਹਾਂ ਫੇਲ੍ਹ ਰਹੀ। ਕੈਪਟਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਉਨ੍ਹਾਂ ਦੇ ਹੀ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋਏ।
ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪੈਦਾ ਕੀਤਾ ਭ੍ਰਿਸ਼ਟਾਚਾਰ ਅਤੇ ਮਾਫੀਆ ਕਾਂਗਰਸ ਸਰਕਾਰ ਵੇਲੇ ਹੋਰ ਵਧਿਆ-ਫੁੱਲਿਆ। ਚੰਨੀ ਅਤੇ ਸਿੱਧੂ ਦੋਵੇਂ ‘ਕੈਪਟਨ ਦੀ ਕੈਬਨਿਟ ਦੇ ਹੀਰੇ’ ਸਨ ਜਿਨ੍ਹਾਂ ਨੇ ਸਾਢੇ ਚਾਰ ਸਾਲ ਪੰਜਾਬ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੇ ਮੁੱਖ ਮੰਤਰੀਆਂ, ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਸਣੇ ਸਭ ‘ਤੇ ਭ੍ਰਿਸ਼ਟਾਚਾਰ, ਸ਼ਰਾਬ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਦੇ ਦੋਸ਼ ਸਨ। ਸਿੱਧੂ ਨੇ ਖੁਦ ਕਾਨੂੰਨ ਤੋੜਿਆ, ਕਿਸੇ ਨੂੰ ਸੱਟ ਮਾਰੀ ਅਤੇ ਜੇਲ੍ਹ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੂੰ ਲੁੱਟਣ ਲਈ ਇਹ ਸਾਰੇ ਪੂਰੀ ਤਰ੍ਹਾਂ ਇੱਕਜੁੱਟ ਸਨ। ਚੀਮਾ ਨੇ ਅੱਗੇ ਕਿਹਾ ਕਿ ਸਾਡੀ ਪਾਰਟੀ 2017-22 ਲਈ ਵਿਰੋਧੀ ਧਿਰ ਵਿੱਚ ਸੀ ਅਤੇ ਮੈਂ ਵਿਰੋਧੀ ਧਿਰ ਦਾ ਨੇਤਾ ਸੀ। ਅਸੀਂ ਵਿਰੋਧੀ ਧਿਰ ਦੀ ਆਪਣੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਅਤੇ ਪੰਜਾਬ ਅਤੇ ਆਮ ਲੋਕਾਂ ਦੇ ਮਸਲੇ ਰੋਜ਼ਾਨਾ ਉਠਾਏ। ਇਹ ਉਨ੍ਹਾਂ ਦੇ ਲੋਕ ਵਿਰੋਧੀ ਅਤੇ ਪੰਜਾਬ ਵਿਰੋਧੀ ਫੈਸਲੇ ਅਤੇ ਨੀਤੀਆਂ ਹੀ ਸਨ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਅਤੇ ‘ਆਪ’ ਦੀ ਇੱਕ ਇਮਾਨਦਾਰ ਸਰਕਾਰ ਚੁਣਨ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਨਜਾਇਜ਼ ਸ਼ਰਾਬ ਕਾਰਨ 128 ਲੋਕਾਂ ਦੀ ਮੌਤ ਹੋਈ ਸੀ ਅਤੇ ਹੁਣ ਨਵਜੋਤ ਸਿੰਘ ਸਿੱਧੂ ਉਨ੍ਹਾਂ ਹੀ ਲੋਕਾਂ ਦੇ ਘਰ ਜਾ ਰਹੇ ਹਨ ਜਿਹੜੇ ਕਿ ਭ੍ਰਿਸ਼ਟਾਚਾਰ, ਮਾਫੀਆ ਅਤੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਨ ਸਣੇ ਉਪਰੋਕਤ ਬੇਕਸੂਰ ਲੋਕਾਂ ਦੀ ਮੌਤਾਂ ਲਈ ਜ਼ਿੰਮੇਵਾਰ ਹਨ।
ਸਿੱਧੂ ‘ਤੇ ਚੁਟਕੀ ਲੈਂਦਿਆਂ ਚੀਮਾ ਨੇ ਕਿਹਾ ਕਿ ਉਹ ‘ਆਪ’ ਸਰਕਾਰ ਨੂੰ ‘ਨਾਨ ਪਰਫਾਰਮਿੰਗ ਸਰਕਾਰ’ ਕਹਿ ਰਹੇ ਹਨ ਪਰ ਉਹ ਬੇਖ਼ਬਰ ਹਨ। ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ 28 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਪਿਛਲੇ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਦੇ 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ ਪਰ ਨਵਜੋਤ ਸਿੰਘ ਸਿੱਧੂ ਇਨ੍ਹਾਂ ਗੱਲਾਂ ਤੋਂ ਇਸ ਲਈ ਅਣਜਾਣ ਹਨ ਕਿਉਂਕਿ ਕਾਂਗਰਸੀਆਂ ਦੇ ਪੈਲੇਸ ਵਰਗੇ ਘਰਾਂ ਵਿੱਚ, ਜਿੱਥੇ 20-25 ਏਸੀ ਹਨ, ਉੱਥੇ ਉਨ੍ਹਾਂ ਨੂੰ ਜ਼ੀਰੋ ਬਿੱਲ ਨਹੀਂ ਆ ਰਹੇ। ਚੀਮਾ ਨੇ ਕਿਹਾ ਕਿ ਅਸੀਂ ਪੀਐੱਸਪੀਸੀਐੱਲ ਨੂੰ ਬਿਜਲੀ ਸਬਸਿਡੀ ਦੇ 20,200 ਕਰੋੜ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਅਸੀਂ ਬਕਾਇਆ 9300 ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਵੀ ਕਲੀਅਰ ਕਰਾਂਗੇ। ਅਸੀਂ ਨਵੀਂ ਸ਼ਰਾਬ ਨੀਤੀ ਪੇਸ਼ ਕੀਤੀ ਅਤੇ ਸੂਬੇ ਵਿੱਚੋਂ ਸ਼ਰਾਬ ਮਾਫੀਆ ਦਾ ਖਾਤਮਾ ਕੀਤਾ। ਸ਼ਰਾਬ ਦੀ ਆਮਦਨ ਵਿੱਚ 41.41% ਦਾ ਇਤਿਹਾਸਕ ਵਾਧਾ ਦਰਜ ਕੀਤਾ ਗਿਆ ਹੈ। ਅਸੀਂ ਹਜ਼ਾਰਾਂ ਏਕੜ ਨਜਾਇਜ਼ ਕਬਜ਼ਿਆਂ ਵਾਲੀ ਜ਼ਮੀਨ ਵੀ ਭ੍ਰਿਸ਼ਟ ਲੋਕਾਂ ਤੋਂ ਛੁਡਵਾਈ ਅਤੇ ਹੁਣ ਉਸ ਜ਼ਮੀਨ ਦਾ ਮਾਲੀਆ ਵੀ ਪੰਜਾਬ ਦੇ ਖ਼ਜ਼ਾਨੇ ਵਿੱਚ ਜਾ ਰਿਹਾ ਹੈ। ਅਸੀਂ ਸਿਰਫ਼ ਇੱਕ ਸਾਲ ਵਿੱਚ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ ਹਨ ਅਤੇ ਨਵੇਂ ਹਸਪਤਾਲ ਬਣਾਏ ਜਾ ਰਹੇ ਹਨ। ਸਿੱਖਿਆ ਦੇ ਬਜਟ ਵਿੱਚ 17% ਦਾ ਵਾਧਾ ਕੀਤਾ ਗਿਆ ਅਤੇ ਸਕੂਲ ਆਫ ਐਮੀਨੈਂਸ ਸਥਾਪਿਤ ਕੀਤੇ ਜਾ ਰਹੇ ਹਨ। ਅਧਿਆਪਕਾਂ ਨੂੰ ਮਿਆਰੀ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਅਤੇ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਐਕਸ-ਗ੍ਰੇਸ਼ੀਆ ਦੇ ਰਹੇ ਹਾਂ ਅਤੇ ਸਾਡੇ ਵੱਲੋਂ ਇਕ ਵਿਧਾਇਕ-ਇਕ ਪੈਨਸ਼ਨ ਨਾਲ ਕਰਦਾਤਾਵਾਂ ਦੇ ਪੈਸੇ ਦੀ ਬਰਬਾਦੀ ਨੂੰ ਵੀ ਰੋਕਿਆ ਗਿਆ ਹੈ।
ਚੀਮਾ ਨੇ ਸਵਾਲ ਕੀਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਸਭ ਕਿਵੇਂ ਪਤਾ ਨਹੀਂ ਹੈ, ਸ਼ਾਇਦ ਉਹ ਹੋਰਨਾਂ ਕਾਂਗਰਸੀਆਂ ਵਾਂਗ ਈਰਖਾ ਅਤੇ ਉਲਝਣ ਵਿਚ ਹਨ ਕਿ ਇੱਕ ਸਰਕਾਰ ਇੰਨੀ ਵਧੀਆ ਕਾਰਗੁਜ਼ਾਰੀ ਕਿਵੇਂ ਕਰ ਸਕਦੀ ਹੈ ਅਤੇ ਸਿਰਫ ਇੱਕ ਸਾਲ ਵਿਚ ਆਪਣੀਆਂ ਸਾਰੀਆਂ ਵੱਡੀਆਂ ਚੋਣ ਗਾਰੰਟੀਆਂ ਕਿਵੇਂ ਪੂਰੀਆਂ ਕਰ ਸਕਦੀ ਹੈ। ਚੀਮਾ ਨੇ ਨਵਜੋਤ ਸਿੰਘ ਸਿੱਧੂ ਨੂੰ ਸਿਰਫ਼ ‘ਝੂਠ ਦੀ ਦੁਕਾਨ’ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਦੀ ਕੋਈ ਚਿੰਤਾ ਹੈ ਤਾਂ ਉਹ ਉਦੋਂ ਚੁੱਪ ਕਿਉਂ ਰਹੇ ਜਦੋਂ ਉਨ੍ਹਾਂ ਦੇ ਸਾਥੀ ਪੰਜਾਬ ਨੂੰ ਲੁੱਟ ਰਹੇ ਸਨ। ਉਸ ਨੇ ਭ੍ਰਿਸ਼ਟਾਚਾਰ ਅਤੇ ‘ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ’ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਈ? ਆਪਣੀ ਸਰਕਾਰ ਦੌਰਾਨ ਐੱਸਸੀ ਸਕਾਲਰਸ਼ਿਪ ਘੁਟਾਲੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ, ਸ਼ਰਾਬ ਮਾਫੀਆ, ਰੇਤ ਮਾਫੀਆ ਅਤੇ ਟਰਾਂਸਪੋਰਟ ਮਾਫੀਆ ‘ਤੇ ਸਿੱਧੂ ਚੁੱਪ ਕਿਉਂ ਰਹੇ? ਕੀ ਉਹ ਭਾਰਤ ਭੂਸ਼ਣ ਆਸ਼ੂ ਨੂੰ ਕਲੀਨ ਚਿੱਟ ਦੇ ਰਿਹਾ ਹੈ ਜਾਂ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ ਪੈਸੇ ਗਿਣਨ ਦੀਆਂ ਮਸ਼ੀਨਾਂ ਸਨ? ਚੀਮਾ ਨੇ ਕਿਹਾ ਕਿ ਸਿੱਧੂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕਾਂ ਨੂੰ ਦੇਣੇ ਚਾਹੀਦੇ ਹਨ।