ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਦੀ ਮੂੰਹ ਬੋਲਦੀ ਤਸਵੀਰ ਹੈ, ਸ਼ਹੀਦਾਂ ਦੇ ਖੂਨ ਨਾਲ ਰੰਗਿਆ ਮੋਗਾ ਦਾ ਸ਼ਹੀਦੀ ਪਾਰਕ : ਅਸ਼ਵਨੀ ਸ਼ਰਮਾ
ਮੋਗਾ ਗੋਲੀ ਕਾਂਡ ਦੇ ਅਮਰ ਸ਼ਹੀਦ ਸਵੈ ਸੇਵਕਾਂ ਲਈ ਰੱਖੀ ਸ਼ਰਧਾਂਜਲੀ ਸਭਾ ਵਿੱਚ ਪੁੱਜ ਅਸ਼ਵਨੀ ਸ਼ਰਮਾ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ।
ਮੋਗਾ/ਜਲੰਧਰ, 25 ਜੂਨ ( ) : ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਹੀਦੀ ਪਾਰਕ ਵਿੱਚ ਸ਼ਹੀਦ ਹੋਏ ਸਵੈ ਸੇਵਕਾਂ ਦੀ ਯਾਦ ਵਿੱਚ ਰੱਖੇ ਮੋਗਾ ਜਿਲਾ ਪ੍ਰਧਾਨ ਸੀਮੰਤ ਗਰਗ ਦੀ ਪ੍ਰਧਾਨਗੀ ਹੇਠ ਉਲੀਕੇ ਗਏ ਸ਼ਰਧਾਂਜਲੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜ ਕੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ਰਮਾ ਨੇ ਕਿਹਾ ਕਿ ਸ਼ਹੀਦਾਂ ਦੇ ਖੂਨ ਨਾਲ ਰੰਗੀ ਮੋਗਾ ਦੀ ਪਵਿੱਤਰ ਧਰਤੀ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਹੈ। ਪੰਜਾਬ ਵਿਚ ਅੱਤਵਾਦ ਨੂੰ ਹਰਾਉਣ ਵਿਚ ਪੰਜਾਬੀਆਂ ਨੇ ਮਿਲ ਕੇ ਇਸ ਨੂੰ ਹਰਾਇਆ ਅਤੇ ਹਿੰਦੂ-ਸਿੱਖ ਏਕਤਾ ਬਣਾਈ ਰੱਖੀ। ਇਸ ਮੌਕੇ ਅਸ਼ਵਨੀ ਸ਼ਰਮਾ ਦੇ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਆਦਿ ਵੀ ਹਾਜ਼ਰ ਸਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਗਾ ਸ਼ਹੀਦੀ ਪਾਰਕ ਦਾ ਗੋਲੀ ਕਾਂਡ ਵੀ 1984 ਦੇ ਕਾਲੇ ਦੌਰ ਦਾ ਇੱਕ ਦਰਦਨਾਕ ਇਤਿਹਾਸ ਹੈ। 80 ਦੇ ਦਸ਼ਕ ਵਿੱਚ ਜਦੋਂ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ’ਤੇ ਪੰਜਾਬ ਵਿੱਚ ਨਫ਼ਰਤ ਅਤੇ ਦਹਿਸ਼ਤ ਦਾ ਖੂਨੀ ਤੂਫ਼ਾਨ ਚੱਲ ਰਿਹਾ ਸੀ ਤਾਂ ਸੰਘ ਦੇ ਸਵੈਮ ਸੇਵਕਾਂ ਨੇ ਆਪਣਾ ਲਹੂ ਦੇ ਕੇ ਹਿੰਦੂ-ਸਿੱਖ ਏਕਤਾ ਦੀ ਬੁਝ ਰਹੀ ਮਸ਼ਾਲ ਨੂੰ ਮੁੜ ਜਗਾਇਆ। ਬਿਨਾਂ ਸ਼ੱਕ ਇਸ ਗੋਲੀਬਾਰੀ ਦੀ ਘਟਨਾ ਨੂੰ 34 ਸਾਲ ਬੀਤ ਚੁੱਕੇ ਹਨ ਪਰ ਸ਼ਹੀਦਾਂ ਦੇ ਪਰਿਵਾਰਾਂ ਦੇ ਜ਼ਖਮ ਅਜੇ ਵੀ ਹਰੇ ਹਨ। ਉਸ ਗੋਲੀਬਾਰੀ ਵਿਚ 25 ਸਵੈ ਸੇਵਕ ਸ਼ਹੀਦ ਹੋਏ ਅਤੇ 31 ਸਵੈ ਸੇਵਕ ਜ਼ਖਮੀ ਹੋਏ ਸਨ। ਅਜਿਹੇ ‘ਚ ਕਈ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਹਮੇਸ਼ਾ ਲਈ ਚਲੀ ਗਈ। ਸੰਘ ਦੇ ਵਰਕਰਾਂ ਨੇ ਬਹਾਦਰ ਅੱਤਵਾਦੀਆਂ ਦੀ ਇਸ ਕਾਇਰਤਾ ਭਰੀ ਕਾਰਵਾਈ ਦਾ ਸਾਹਮਣਾ ਕਰਦੇ ਹੋਏ ਆਪਣੇ ਸੀਨੇ ‘ਤੇ ਗੋਲੀ ਖਾਦੀ ਅਤੇ ਦੇਸ਼, ਧਰਮ ਅਤੇ ਸਮਾਜ ਦੇ ਹਿੱਤ ‘ਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪਰ ਅੱਤਵਾਦੀ ਬਹਾਦਰ ਸਵੈ ਸੇਵਕਾਂ ਦੇ ਮਨੋਬਲ ਅਤੇ ਉੱਚੇ ਆਦਰਸ਼ਾਂ ਨੂੰ ਰੱਤੀ ਭਰ ਵੀ ਝੁਕਾ ਨਹੀਂ ਸਕੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ 25 ਜੂਨ 1989 ਨੂੰ ਉਸ ਵੇਲੇ ਦੇ ਨਹਿਰੂ ਪਾਰਕ ਵਿੱਚ ਐਤਵਾਰ ਦੀ ਸਵੇਰ ਨੂੰ ਆਰਐਸਐਸ ਦੀ ਸ਼ਾਖਾ ਲੱਗੀ ਹੋਈ ਸੀ ਅਤੇ ਅਚਾਨਕ ਤਾਬੜ-ਤੋੜ ਗੋਲੀਆਂ ਚੱਲਣ ਲੱਗੀਆਂ। ਏ.ਕੇ.-47 ਨਾਲ ਲੈਸ ਅੱਤਵਾਦੀਆਂ ਨੇ ਨਿਹੱਥੇ ਸਵੈ ਸੇਵਕਾਂ ‘ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਇਸ ਵਿੱਚ ਪੰਜਾਬ ਦੀ ਮਿੱਟੀ ਦੇ 25 ਬਹਾਦਰ ਸਪੂਤ ਸਦਾ ਦੀ ਨੀਂਦ ਸੌਂ ਗਏ। ਸਵੈ ਸੇਵਕਾਂ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਆਪਣੀ ਬਹਾਦਰੀ ਦੀ ਮਸ਼ਾਲ ਨੂੰ ਜਗਾਉਂਦੇ ਹੋਏ ਅਗਲੇ ਦਿਨ ਫਿਰ ਉਸੇ ਥਾਂ ‘ਤੇ ਸ਼ਾਖਾ ਲਾਈ ਅਤੇ ਇਸ ਨਹਿਰੂ ਪਾਰਕ ਦਾ ਨਾਂ ਬਦਲ ਸ਼ਹੀਦੀ ਪਾਰਕ ਦਾ ਨਾਮਕਰਨ ਕਰ ਦਿੱਤਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਗੱਲ ਕਰੀਏ ਤਾਂ ਅੱਤਵਾਦ ਦੇ ਕਾਲੇ ਦੌਰ ਬਾਰੇ ਸੁਣ ਕੇ ਹੀ ਰੂਹ ਕੰਬ ਜਾਂਦੀ ਹੈ, ਵਿਦੇਸ਼ੀ ਤਾਕਤਾਂ ਦੀਆਂ ਸਾਜ਼ਿਸ਼ਾਂ ਅਤੇ ਹਿੰਦੂ-ਸਿੱਖ ਏਕਤਾ ਦੇ ਥੰਮ੍ਹ, ਆਪਣੀ ਖੁਸ਼ਹਾਲੀ ਅਤੇ ਤਰੱਕੀ ਲਈ ਜਾਣੇ ਜਾਂਦੇ ਪੰਜਾਬ ਸੂਬੇ ਵਿੱਚ ਦਹਿਸ਼ਤ ਦੀ ਨੀਂਹ ਰੱਖੀ ਗਈ, ਜਿਸ ਵਿੱਚ ਹਰ ਰੋਜ਼ ਅਨੇਕਾਂ ਅਮਨ ਪਸੰਦ ਲੋਕ ਬਿਨਾਂ ਕਿਸੇ ਕਾਰਨ ਦੇ ਮਾਰੇ ਜਾ ਰਹੇ ਸਨ, ਪਰ ਉਸ ਸਮੇਂ ਵੀ ਸੰਘ ਦੇ ਸਵੈ ਸੇਵਕ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ਼ ਪੂਰੇ ਤਨ, ਮਨ ਅਤੇ ਧਨ ਨਾਲ ਚਟਾਨ ਵਾਂਗ ਖੜੇ ਰਹੇ ਅਤੇ ਇਹ ਗੱਲ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਹੈਂਡਲਰਾਂ ਨੂੰ ਹਮੇਸ਼ਾ ਖਟਕਦੀ ਰਹਿੰਦੀ ਸੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਵਸੁਧੈਵ ਕੁਟੁੰਬਕਮ ਦੇ ਸਿਧਾਂਤ ‘ਤੇ ਚੱਲਦਿਆਂ ਲਗਭਗ ਸੌ ਸਾਲਾਂ ਤੋਂ ਆਪਸੀ ਏਕਤਾ, ਅਖੰਡਤਾ, ਸਮਾਜਿਕ ਸਦਭਾਵਨਾ, ਭਾਰਤੀ ਸੰਸਕ੍ਰਿਤੀ ਅਤੇ ਜੀਵਨ ਸ਼ੈਲੀ ਵਰਗੇ ਕਈ ਵਿਸ਼ਿਆਂ ‘ਤੇ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰ ਰਿਹਾ ਹੈ ਅਤੇ ਮੈਂ ਸਾਰੇ ਸਵੈ ਸਵੇਕਾਂ ਨੂੰ ਤਹਿ ਦਿਲੋਂ ਨਮਨ ਕਰਦਾ ਹਾਂ। ਸਵੈਮ ਸੇਵਕ ਸੰਘ ਵੱਲੋਂ ਆਪਣੀ ਰਾਸ਼ਟਰਵਾਦੀ ਵਿਚਾਰਧਾਰਾ, ਦੇਸ਼, ਧਰਮ ਅਤੇ ਸਮਾਜ ਭਲਾਈ ਲਈ ਅਤੇ 140 ਕਰੋੜ ਭਾਰਤੀਆਂ ਨੂੰ ਇੱਕ ਧਾਗੇ ਵਿੱਚ ਬੰਨ੍ਹਣ ਲਈ ਕੀਤੇ ਗਏ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਦੇਸ਼ ਵਿਰੋਧੀ ਤਾਕਤਾਂ, ਰਾਖਸ਼ਸੀ ਅਤੇ ਅਣਮਨੁੱਖੀ ਪ੍ਰਵਿਰਤੀਆਂ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਦੀਆਂ ਨਜ਼ਰਾਂ ਵਿੱਚ ਸੰਘ ਦਾ ਹਰ ਵਰਕਰ ਲਗਾਤਾਰ ਖਟਕਦਾ ਰਹਿੰਦਾ ਹੈ ਅਤੇ ਹੁਣ ਤੱਕ ਹਜ਼ਾਰਾਂ ਸਵੈ ਸੇਵਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਭਾਰਤ ਮਾਤਾ ਦੇ ਸਿਰ ਨੂੰ ਵਿਸ਼ਵ ਮੰਚ ‘ਤੇ ਉੱਚੇ ਮੁਕਾਮ ‘ਤੇ ਰੱਖਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਸਾਰਿਆਂ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ।I