ਵਿਰਸਾ ਵਿਹਾਰ, ਜਲੰਧਰ ਵੱਲੋਂ ਅੱਜ 2 ਜੁਲਾਈ 2023 ਨੂੰ ਇੱਕ ਮਾਸਿਕ ਨਸ਼ਿਸਤ (ਮਿੰਨੀ ਮੁਸ਼ਾਇਰੇ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਲੰਧਰ ਸ਼ਹਿਰ ਦੇ ਸ਼ਾਇਰਾਂ ਵਲੋਂ ਸ਼ਿਰਕਤ ਕੀਤੀ ਗਈ। ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸ੍ਰੀ ਸੰਗਤ ਰਾਮ ਨੇ ਆਏ ਹੋਏ ਸ਼ਾਇਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰਧਾਨਗੀ ਮੰਡਲ ਵਿੱਚ ਉਸਤਾਦ ਸ਼ਾਇਰ ਜਨਾਬ ਹਰਬੰਸ ਸਿੰਘ ਅਕਸ, ਜਨਾਬ ਗੁਰਦੀਪ ਸਿੰਘ ਔਲਖ, ਇੰਜ. ਮੁਖਵਿੰਦਰ ਸਿੰਘ ਸੰਧੂ, ਜਨਾਬ ਪ੍ਰਮੋਦ ਕਾਫ਼ਰ ਅਤੇ ਸ੍ਰ. ਨਰਿੰਦਰਪਾਲ ਸਿੰਘ ਕੰਗ ਮੌਜੂਦ ਸਨ। ਸਰਵ ਸ੍ਰੀ ਕੀਮਤੀ ਕੈਸਰ, ਰਾਮ ਸਿੰਘ ਇਨਸਾਫ਼, ਜਸਪਾਲ ਜ਼ੀਰਵੀ, ਸਾਹਿਲ ਜਲੰਧਰੀ, ਮਨਜੀਤ ਸਿੰਘ ਅਤੇ ਜਨਾਬ ਸਹਿਰ ਹਰਫ਼ੀ ਵਲੋਂ ਵੀ ਕਲਾਮ ਪੇਸ਼ ਕੀਤਾ ਗਿਆ। ਸਾਰੇ ਸ਼ਾਇਰਾਂ ਨੇ ਆਪਣੇ ਕਲਾਮ ਨਾਲ ਸ੍ਰੋਤਿਆਂ ਨੂੰ ਸਰਸ਼ਾਰ ਕਰਨ ਦੇ ਨਾਲ ਨਾਲ ਵਿਰਸਾ ਵਿਹਾਰ ਵਿੱਚ ਚੱਲ ਰਹੀਆਂ ਸਾਹਿਤਕ ਅਤੇ ਸੰਗੀਤਕ ਗਤੀਵਿਧੀਆਂ ਲਈ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਵਿਰਸਾ ਵਿਹਾਰ ਦੇ ਸਹਿਯੋਗ ਲਈ ਹਰ ਸਮੇਂ ਨਾਲ ਖੜੇ ਹਾਂ। ਸ੍ਰੀ ਰਮੇਸ਼ ਮੋਦਗਿੱਲ ਅਤੇ ਸ੍ਰ. ਹਰਭਜਨ ਸਿੰਘ ਨਾਹਲ ਨੇ ਆਪਣੇ ਗੀਤਾਂ ਰਾਹੀਂ ਸ੍ਰੋਤਿਆਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਸ੍ਰੀ ਪਰਮਜੀਤ ਭਗਤ, ਸ੍ਰੀ ਅਸ਼ੋਕ ਗੋਇਲ ਅਤੇ ਮੈਡਮ ਰੇਖਾ ਕੱਸ਼ਯਪ ਵੀ ਹਾਜ਼ਰ ਸਨ।