*ਕੌਮੀ ਪ੍ਰੈੱਸ ਦਿਵਸ ਮੌਕੇ ਪੰਜਾਬ ਪ੍ਰੈੱਸ ਕਲੱਬ ਵਿਖੇ ਸੂਬੇ ਪੱਧਰ ਤੇ ਇਕੱਤਰ ਹੋਏ ਪੱਤਰਕਾਰ*
*ਸ਼ੋਸ਼ਲ ਮੀਡੀਆ ‘ਤੇ ਕੇਂਦਰ ਵੱਲੋਂ ਸ਼ਿਕੰਜਾ ਕੱਸਣ ਲਈ ਬਰਾਡਕਾਸਟਿੰਗ ਰੈਗੂਲੇਸ਼ਨ ਕਾਨੂੰਨ ਬਣਾਉਣ ਦੀ ਤਿਆਰੀ*
*ਪੱਤਰਕਾਰਾਂ ਦੀ ਸੁਰੱਖਿਆ ਲਈ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ*
ਜਲੰਧਰ,16 ਨਵੰਬਰ:
ਪੰਜਾਬ ਪ੍ਰੈਸ ਕਲੱਬ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਮਨਾਏ ਗਏ ਕੌਮੀ ਪ੍ਰੈਸ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਸ਼ੋਸ਼ਲ ਮੀਡੀਆ ‘ਤੇ ਸ਼ਿੰਕਜਾ ਕੱਸਣ ਲਈ ਬਰਾਡਕਾਸਟਿੰਗ ਰੈਗੂਲੇਸ਼ਨ ਕਾਨੂੰਨ ਬਣਾਉਣ ਨੂੰ ਖਤਰਨਾਕ ਦੱਸਿਆ। ਬੁਲਾਰਿਆਂ ਨੇ ਇਸ ਗੱਲ ‘ਤੇ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਕਾਰਪੋਰੇਟ ਹਾਊਸਾਂ ਰਾਹੀ ਪਹਿਲਾਂ ਹੀ ਸਥਾਪਿਤ ਮੀਡੀਆ ‘ਤੇ ਕਬਜ਼ਾ ਕੀਤਾ ਜਾ ਚੁੱਕਿਆ ਹੈ। ਸ਼ੋਸ਼ਲ ਮੀਡੀਆ ਰਾਹੀ ਜਿਹੜੀ ਮਾੜੀ-ਮੋਟੀ ਅਵਾਜ਼ ਉਠਾਈ ਜਾ ਰਹੀ ਹੈ, ਉਸ ਨੂੰ ਵੀ ਦਬਾਉਣ ਲਈ ਬਰਾਡਕਾਸਟਿੰਗ ਰੈਗੂਲੇਸ਼ਨ ਕਾਨੂੰਨ ਪਾਸ ਹੋ ਜਾਣ ਦੀ ਸੂਰਤ ਵਿੱਚ ਮੀਡੀਆ ਨੂੰ ਇੱਕ ਮਨੋਰੰਜਨ ਦੇ ਸਾਧਨ ਵਜੋਂ ਹੀ ਦੇਖਿਆ ਜਾਵੇਗਾ। ਬੁਲਾਰਿਆਂ ਨੇ ਦੇਸ਼ ਅੰਦਰ ਪੱਤਰਕਾਰਾਂ ‘ਤੇ ਹੋ ਰਹੇ ਹਮਲਿਆਂ ‘ਤੇ ਡੂੰਘੀ ਚਿੰਤਾ ਪ੍ਰਗਟਾਈ ਗਈ। ਓਨ੍ਹਾਂ ਪੱਤਰਕਾਰਾਂ ਦੀਆਂ ਮੰਗਾਂ ਮਨਵਾਉਣ ਲਈ ਇੱਕਜੁਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਪੱਤਰਕਾਰਾਂ ਦੀ ਸੁਰੱਖਿਆ ਲਈ ਨਵੇਂ ਸਿਰੇ ਤੋਂ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਕੀਤੀ ਗਈ। ਆਲ ਇੰਡੀਆ ਜਰਨਲਿਸਟ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਕਿਹਾ ਦੇਸ਼ ਵਿੱਚ ਪੱਤਰਕਾਰਤਾ ਬਹੁਤ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਓਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਰਕਿੰਗ ਜਰਨਲਿਸਟ ਐਕਟ ਪਹਿਲਾਂ ਹੀ ਖਤਮ ਕਰਕੇ ਪੱਤਰਕਾਰਾਂ ਦੇ ਅਧਿਕਾਰਾਂ ਨੂੰ ਖੋਹ ਲਿਆ ਗਿਆ ਹੈ।
ਸੀਨੀਅਰ ਪੱਤਰਕਾਰ ਜਤਿੰਦਰ ਪੰਨੂੰ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਪੱਤਰਕਾਰਤਾ ਦਾ ਵੱਡਾ ਯੋਗਦਾਨ ਰਿਹਾ ਸੀ। ਓਨ੍ਹਾ ਕਿਹਾ ਕਿ ਦੇਸ਼ ‘ਤੇ ਰਾਜ ਕਰਨ ਵਾਲੀਆਂ ਧਿਰਾਂ ਹਮੇਸ਼ਾਂ ਇਹ ਚਾਹੁੰਦੀਆਂ ਹੁੰਦੀਆਂ ਹਨ ਕਿ ਪੱਤਰਕਾਰ ਉਨ੍ਹਾਂ ਦੀ ਬੋਲੀ ਬੋਲਣ। ਓਨ੍ਹਾਂ ਕਿਹਾ ਕਿ ਸੱਤਾ ਦੇ ਕਬਜ਼ੇ ਹੇਠਲਾ ਮੀਡੀਆ ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਬਣਾਉਣ ਵਿੱਚ ਲੱਗਾ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਰੱਥ ਬਣਾਉਣ ਦੀ ਥਾਂ ਉਨ੍ਹਾਂ ਨੂੰ ਭਿਖਾਰੀ ਬਣਾਇਆ ਜਾ ਰਿਹਾ ਹੈ। ਓਨ੍ਹਾਂ ਨਵੀਂ ਪੀੜ੍ਹੀ ਦੇ ਪੱਤਰਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ ਨੂੰ ਜਰੂਰ ਪੜ੍ਹਨ।
ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਮਾਣਕ ਨੇ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਪੱਤਰਕਾਰਾਂ ਨੇ ਪੂਰੀ ਦਲੇਰੀ ਨਾਲ ਕੰੰਮ ਕੀਤਾ ਸੀ। ਦੇਸ਼ ਦੀ ਵੰਡ ਤੋਂ ਬਾਅਦ ਵੀ ਪੱਤਰਕਾਰ ਅਜ਼ਾਦਾਨਾ ਤੌਰ ‘ਤੇ ਕੰਮ ਕਰਦਾ ਰਿਹਾ ਸੀ। ਦੇਸ਼ ਵਿੱਚ ਜਦੋਂ ਐਮਰਜੰਸੀ ਲੱਗੀ ਸੀ ਉਦੋਂ ਮੀਡੀਆ ‘ਤੇ ਸਭ ਤੋਂ ਵੱਡਾ ਹਮਲਾ ਹੋਇਆ ਸੀ। ਓਨ੍ਹਾਂ ਕਿਹਾ ਕਿ ਬਾਅਦ ਵਿੱਚ ਕੇਂਦਰ ਦੀ ਹਰ ਹਾਕੂਮਤ ਨੇ ਮੀਡੀਆ ਨੂੰ ਮਨਮਾਨੇ ਢੰਗ ਨਾਲ ਚਲਾਉਣ ਦੀਆਂ ਜਾਬਰ ਨੀਤੀਆਂ ਹੀ ਅਪਣਾਈਆਂ। ਓਨ੍ਹਾ ਕਿਹਾ ਕਿ ਹੌਲੀ-ਹੌਲੀ ਮੀਡੀਆ ‘ਤੇ ਕਾਰਪੋਰੇਟ ਖੇਤਰ ਨੇ ਕਬਜ਼ਾ ਕਰ ਲਿਆ। ਹੁਣ ਮੀਡੀਆ ਦੀ ਅਜ਼ਾਦੀ ਖਤਰੇ ਵਿੱਚ ਪੈ ਗਈ ਹੈ। ਦੋਆਬਾ ਕਾਲਜ ਦੇ ਪੱਤਰਕਾਰੀ ਵਿਭਾਗ ਦੀ ਮੁਖੀ ਪ੍ਰੋ: ਸਿਮਰਨ ਸਿੱਧੂ ਨੇ ਕਿਹਾ ਕਿ ਖ਼ਬਰ ਕਦੇਂ ਵੀ ਮਰਿਆ ਨਹੀਂ ਕਰਦੀ, ਉਨ੍ਹਾ ਕਿਹਾ ਕਿ ਜਦੋਂ ਤੱਕ ਸੱਚ ਦੀ ਕਵਰੇਜ ਕਰਨ ਵਾਲੇ ਪੱਤਰਕਾਰ ਕਾਇਮ ਹਨ ਤਾਂ ਖ਼ਬਰ ਕਦੇਂ ਨਹੀਂ ਮਰ ਸਕਦੀ।
ਲੇਖਕ ਤੇ ਸੀਨੀਅਰ ਪੱਤਰਕਾਰ ਸਤਨਾਮ ਚਾਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਹੋਰ ਗ਼ਦਰੀ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਸਰਾਭਾ ਪੰਜਾਬੀ ਪੱਤਰਕਾਰੀ ਦਾ ਪਹਿਲਾ ਸ਼ਹੀਦ ਪੱਤਰਕਾਰ ਸੀ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਆਪਣੇ ਦੌਰ ਵਿੱਚ ਚੋਟੀ ਦੇ ਪੱਤਰਕਾਰ ਸਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਮੀਡੀਆ ਝੂਠ ਦਾ ਸਹਾਰਾ ਲੈਕੇ ਗ਼ਲਤ ਗੱਲਾਂ ਦਾ ਪ੍ਰਚਾਰ ਕਰਦਾ ਹੈ ਜਦਕਿ ਸ਼ੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਗੱਲਾਂ ਦਾ ਸੱਚ ਸਾਹਮਣੇ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਪੱਤਰਕਾਰਾਂ ਬਾਰੇ ਪੀਲੀ ਪੱਤਰਕਾਰੀ ਵਰਗਾ ਸ਼ਬਦ ਕਦੇਂ ਕਦਾਈ ਬੋਲਿਆ-ਸੁਣਿਆ ਜਾਂਦਾ ਸੀ ਪਰ ਹੁਣ ਸਾਰੇ ਪੱਤਰਕਾਰਾਂ ਨੂੰ ਇਸੇ ਨਜ਼ਰੀਏ ਨਾਲ ਦੇਖਿਆ ਜਾਣ ਲੱਗਾ ਹੈ। ਸਤਨਾਮ ਚਾਨਾ ਨੇ ਕਿਹਾ ਕਿ ਜਿਹੜੇ ਪ੍ਰਤੀਬੱਧਤਾ ਵਾਲੇ ਪੱਤਰਕਾਰ ਹਨ ਉਹ ਸੱਚ ਸਾਹਮਣੇ ਲਿਆਉਣ ਵਿੱਚ ਲੱਗੇ ਰਹਿੰਦੇ ਹਨ। ਇਸ ਬਾਰੇ ਉਨ੍ਹਾਂ ਨੇ ਰਵੀਸ਼ ਕੁਮਾਰ ਦੀ ਉਦਾਹਰਣ ਵੀ ਦਿੱਤੀ। ਸਾਬਕਾ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਤੀਦੂਤ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਪ੍ਰਤੀਨਿਧੀਆਂ ਨੂੰ ਚੁਣ ਕੇ ਭੇਜਦੇ ਹਨ ਤੇ ਫਿਰ ਉਹੀ ਲੋਕਾਂ ‘ਤੇ ਜੁਲਮ ਕਰਨ ਲੱਗ ਪੈਂਦੇ ਹਨ। ਉਨ੍ਹਾਂ ਲੋਕਾਂ ਨੂੰ ਇਸ ਵਿਵਸਥਾ ਨੂੰ ਠੀਕ ਕਰਨ ਲਈ ਉਠਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਬਲ ਰੈਗੂਲੇਸ਼ਨ ਐਕਟ 1995 ਵਿੱਚ ਸੋਧ ਕਰਕੇ ਉਸ ਦੀ ਥਾਂ ‘ਤੇ ਬਰਾਡਕਾਸਟਿੰਗ ਰੈਗੂਲੇਸ਼ਨ ਕਾਨੂੰਨ ਲਿਆਂਦਾ ਜਾ ਰਿਹਾ ਹੈ।ਇਸ ਨਾਲ ਪੱਤਰਕਾਰਾਂ ਦੇ ਰਹਿੰਦੇ ਹੱਕ ਵੀ ਖਤਮ ਹੋ ਜਾਣਗੇ। ਟਾਈਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ ਆਈ.ਪੀ.ਸਿੰਘ ਨੇ ਸੂਬੇ ਦੇ ਪੱਤਰਕਾਰਾਂ ਲਈ ਮੀਡੀਆ ਦੇ ਪੇਸ਼ ਆ ਰਹੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ.ਲਖਵਿੰਦਰ ਸਿੰਘ ਜੌਹਲ ਜਨਰਲ ਸਕੱਤਰ ਪੰਜਾਬ ਕਲਾ ਪਰਿਸ਼ਦ ਅਤੇ ਸਾਬਕਾ ਪ੍ਰਧਾਨ ਪੰਜਾਬ ਪ੍ਰੈਸ ਕਲੱਬ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੀਡੀਆ ਨੂੰ ਆਪਣੇ ਪੇਸ਼ ਆ ਰਹੀਆਂ ਮੁਸ਼ਕਲਾਂ ਵਾਸਤੇ ਇੱਕ ਜੁੱਟ ਹੋਣਾ ਪਵੇਗਾ। ਪਰਵਾਸੀ ਪੰਜਾਬੀ ਲੇਖਕ ਸੁਰਿੰਦਰ ਸਿੰਘ ਸੁਨੰੜ, ਦੂਰਦਰਸ਼ਨ ਦੇ ਸਾਬਕਾ ਨਿਊਜ਼ ਰੀਡਰ ਰਮਨ ਕੁਮਾਰ, ਕਲੱਬ ਦੇ ਸੀਨੀਅਰ ਮੀਤ-ਪ੍ਰਧਾਨ ਰਾਜੇਸ਼ ਥਾਪਾ ਅਤੇ ਸਕੱਤਰ ਮੇਹਰ ਮਲਿਕ ਨੇ ਵੀ ਸੰਬੋਧਨ ਕੀਤਾ। ਕਲੱਬ ਦੇ ਕੈਸ਼ੀਅਰ ਸ਼ਿਵ ਸ਼ਰਮਾ, ਐਮ.ਐਸ. ਲੋਹੀਆ, ਹਰਵਿੰਦਰ ਸਿੰਘ ਫੁੱਲ, ਜਨਰਲ਼ ਮੈਨੇਜਰ ਜਤਿੰਦਰ ਪਾਲ ਸਿੰਘ, ਧਰਮਿੰਦਰ ਸੋਂਧੀ, ਅਮਰਜੀਤ ਸਿੰਘ ਨਿੱਜਰ, ਜਸਬੀਰ ਸਿੰਘ ਸੋਢੀ, ਦਵਿੰਦਰ, ਹਰਜਿੰਦਰ ਸਿੰਘ ਅਟਵਾਲ, ਸੁਰਜੀਤ ਸਿੰਘ ਜੰਡਿਆਲਾ, ਇੰਦਰਜੀਤ ਆਰਟਿਸਟ, ਰਮੇਸ਼ ਗਾਬਾ, ਰਮੇਸ਼ ਭਗਤ, ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ। ਸਟੇਜ ਦਾ ਸੰਚਾਲਨ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਨੇ ਕੀਤਾ।