*ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ*
ਨੌਜਵਾਨ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਅਤੇ ਕਿਰਸਾਨੀ ਅੰਦੋਲਨ ਨੂੰ ਮਜਬੂਤ ਕਰਨ: ਬਲਦੇਵ ਸਿੰਘ
Kisan union news: ਅੱਜ ਕਪੂਰਥਲਾ ਦੇ ਪਿੰਡ ਬਿਜਲੀ ਨੰਗਲ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਇੱਕ ਭਰਵੇਂ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦੁਆਬੇ ਦੇ ਮਸ਼ਹੂਰ ਸਮਾਜਸੇਵੀ ਨਛੱਤਰ ਸਿੰਘ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਦੁਆਬਾ ਪ੍ਰਧਾਨ ਥਾਪਿਆ ਗਿਆ।
ਇਸ ਮੌਕੇ ਸੰਬੋਧਨ ਕਰਦੇ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਮੌਜੂਦਾ ਸਮਾਂ ਅਤੇ ਕਿਸਾਨਾਂ ਦੇ ਲਈ ਭਾਰੀ ਹੈ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਮਿਲ ਕੇ ਕਿਰਸਾਨੀ ਧੰਦੇ ਨੂੰ ਵੱਡੇ ਕਾਰੋਬਾਰੀ ਘਰਾਣਿਆ ਸਪੁਰਦ ਕਰਨ ਦੀ ਪੂਰੀ ਤਿਆਰੀ ਕਰੀ ਬੈਠੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਜਿਸ ਤਰੀਕੇ ਨਾਲ ਪਹਿਲੇ ਕਿਸਾਨ ਅੰਦੋਲਨ ਅਤੇ ਹੁਣ ਦੂਜੇ ਕਿਸਾਨ ਅੰਦੋਲਨ ਰਾਹੀਂ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਲਾ-ਮਿਸਾਲ ਹੈ।
ਉਹਨਾਂ ਕਿਹਾ ਕਿ ਦੇਸ਼ ਦੇ ਹਰ ਵਰਗ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਕਿਰਸਾਨੀ ਅਤੇ ਖੇਤੀ ਯੋਗ ਜਮੀਨਾਂ ਵੱਡੇ ਘਰਾਨਿਆਂ ਦੇ ਅਧੀਨ ਆ ਗਈਆਂ ਤਾਂ ਉਹ ਆਪਣੀ ਮਨ ਮਰਜੀ ਨਾਲ ਕਣਕ,ਚਾਵਲ,ਖੰਡ, ਦਾਲਾਂ, ਮੱਕੀ,ਛੋਲੇ ਆਦਿ ਦੇ ਭਾਅ ਨਿਰਧਾਰਿਤ ਕਰਨਗੇ ਅਤੇ ਆਮ ਲੋਕਾਂ ਦੀ ਦੁਹੀਂ ਹੱਥੀਂ ਲੁੱਟ ਖਸੁੱਟ ਹੋਵੇਗੀ।
ਇਸ ਮੌਕੇ ਬੋਲਦੇ ਹੋਏ ਦੁਆਬਾ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਅੱਜ ਵੇਲਾ ਆ ਗਿਆ ਹੈ ਕਿ ਅਸੀਂ ਆਪਣੇ ਹੱਕਾਂ ਨੂੰ ਲੈ ਕੇ ਜਾਗੀਏ ਅਤੇ ਫੁਕਰਾ ਪ੍ਰਸਤੀ ਛੱਡ ਕੇ ਗੰਭੀਰ ਹੋ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਸੰਭਾਲੀਏ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹਨ ਲਿਖਣ ਤੇ ਆਪਣੇ ਦਿਮਾਗੀ ਮਿਆਰ ਨੂੰ ਵਧਾਉਣ ਅਤੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਗੁਰੇਜ ਕਰਨ। ਵਰਨਾ ਉਹਨਾਂ ਦੀ ਹੋਂਦ ਖਤਮ ਹੋ ਜਾਵੇਗੀ।
ਉਹਨਾਂ ਕਿਹਾ ਕਿ ਅਸੀਂ ਉਹਨਾਂ ਮਹਾਨ ਗੁਰੂਆਂ ਅਤੇ ਸ਼ਹੀਦਾਂ ਸਿੰਘਾਂ ਦੀ ਬੰਸ ਹਾਂ ਜਿਨਾਂ ਨੇ ਆਪਣਾ ਬੰਦ ਬੰਦ ਕਟਾ ਕੇ ਵੀ ਆਪਣੀ ਅਣਖ ਨੂੰ ਜਿੰਦਾ ਰੱਖਿਆ, ਪਰ ਅੱਜ ਸੋਸ਼ਲ ਮੀਡੀਏ ‘ਤੇ ਝੱਲ ਖਲੇਰ ਕੇ ਅਤੇ ਚਿੱਟੇ ਵਰਗੇ ਨਸ਼ੇ ਵਿੱਚ ਪੈ ਕੇ ਪੰਜਾਬੀਅਤ ਗਰਕ ਦੀ ਜਾ ਰਹੀ ਹੈ। ਉਹਨਾਂ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਅਪੀਲ ਕੀਤੀ ਕਿ ਉਹ ਕਿਰਸਾਨਾਂ ਨੂੰ ਉਹਨਾਂ ਦੇ ਹੱਕ ਦੇਣ, ਐਮਐਸਪੀ ਲਾਗੂ ਕਰਨ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਮਾਫ ਕਰਨ ਤਾਂ ਜੋ ਪੰਜਾਬ, ਹਰਿਆਣਾ ਤੇ ਯੂਪੀ ਸਮੇਤ ਦੇਸ਼ ਭਰ ਦੇ ਕਿਸਾਨ ਸੁੱਖ ਦਾ ਸਾਹ ਆ ਸਕਣ।
ਇਸ ਮੌਕੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਰਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜ ਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੈਰੀ ਬਹਿਲ , ਮਿੰਟਾ ਜੀ ਚਹਾਰ ਬਾਗ਼, ਅਜੀਤ ਸਿੰਘ ਬੁਲੰਦ, ਅਮਨਦੀਪ ਸਿੰਘ ਮਿੰਟੂ, ਤਜਿੰਦਰ ਸਿੰਘ ਮੱਲੀ, ਸੁਖਪ੍ਰੀਤ ਸੈਣੀ, ਮੰਨੀ ਸਮੇਤ ਹੋਰ ਅਨੇਕਾਂ ਲੋਕ ਮੌਜ਼ੂਦ ਰਹੇ।