ਕਾਰੋਬਾਰੀਆਂ ਦੇ ਫਿਕਰ ਦੂਰ ਕਰਨ ਲਈ ਤਰਤੀਬਬੱਧ ਤੇ ਸਮਾਂਬੱਧ ਯੋਜਨਾ ਲਾਗੂ ਕਰਾਂਗੇ– ਪਵਨ ਟੀਨੂੰ
* ਕਿਹਾ- ਚੰਨੀ ਜਲੰਧਰੀਆਂ ਨੂੰ ਮੁਸ਼ਕਲਾਂ ਪੁਛਦੇ ਨੇ, ਜੇ ਭਦੌੜ ਦਾ ਵਿਕਾਸ ਕੀਤਾ ਹੁੰਦਾ ਤਾਂ ਜਲੰਧਰ ਨਾ ਆਉਣਾ ਪੈਂਦਾ
* ਵਿਧਾਇਕ ਰਮਨ ਅਰੋੜਾ ਨਾਲ ਜਲੰਧਰ ਸੈਂਟਰਲ ‘ਚ ਭਰਵੀਆਂ ਮੀਟਿੰਗਾਂ
ਜਲੰਧਰ, 1 ਮਈ (ਪੱਤਰ ਪ੍ਰੇਰਕ) – ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਸ੍ਰੀ ਪਵਨ ਟੀਨੂੰ ਨੇ ਸ਼ਹਿਰ ਦੀ ਦਾਣਾ ਮੰਡੀ, ਫੈਂਟਨ ਗੰਜ ਵਿਖੇ ਕਾਰੋਬਾਰੀਆਂ, ਵਪਾਰੀਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਤਾ ਕਿ ਛੇਤੀ ਹੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਇਸ ਅਹਿਮ ਖੇਤਰ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਇਕ ਤਰਤੀਬਬੱਧ ਤੇ ਸਮਾਂਬੱਧ ਮੀਟਿੰਗਾਂ ਦੀ ਯੋਜਨਾ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਜੋ ਵਪਾਰੀ ਵੀਰਾਂ ਨੂੰ ਸਰਕਾਰੀ ਦਫਤਰਾਂ ਦੀ ਖੱਜਲ ਖੁਆਰੀ ਤੋਂ ਨਿਜਾਤ ਦਿਵਾਈ ਜਾ ਸਕੇ |
ਪਵਨ ਟੀਨੂੰ ਨੇ ਇਸ ਮੌਕੇ ਕਾਨੂੰਨ ਵਿਵਸਥਾ ਨੂੰ ਮਜਬੂਤੀ ਨਾਲ ਬਣਾਈ ਰੱਖਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਾਡੀ ਪਾਰਟੀ ਦੁਕਾਨਦਾਰਾਂ ਤੇ ਵਪਾਰੀ ਵਰਗ ਵਾਸਤੇ ਹਰ ਕਿਸਮ ਦੀ ਮੱਦਦ ਲਈ ਹਮੇਸ਼ਾ ਹਾਜਰ ਹੈ ਤੇ ਉਨ੍ਹਾਂ ਨੂੰ ਪੇਸ਼ ਆਉਂਦੀ ਕਿਸੇ ਵੀ ਮੁਸ਼ਕਲ ਨੂੰ ਭਾਵੇਂ ਉਹ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਨਾਲ ਸਬੰਧਤ ਹੋਵੇ ਉਸ ਦੇ ਲਈ ਅਵਾਜ਼ ਉਠਾਉਣ ਵਿੱਚ ਮੈਂ ਕੋਈ ਕਸਰ ਬਾਕੀ ਨਹੀਂ ਛੱਡਾਂਗਾ |
€ਇਸ ਮੌਕੇ ਪਵਨ ਟੀਨੂੰ ਦੇ ਨਾਲ ਹਲਕਾ ਵਿਧਾਇਕ ਸ੍ਰੀ ਰਮਨ ਅਰੋੜਾ, ਪਰਮਿੰਦਰ ਬਹਿਲ, ਸੁਭਾਸ਼ ਪੁਰੀ, ਸੁਭਾਸ਼ ਦੱਤਾ, ਰਾਜੇਸ਼ ਸੌਂਕੀ, ਅਤੁਲ ਕਾਮਰੇਡ, ਰਾਕੇਸ਼ ਬਾਵੇਜਾ, ਰਾਜੂ ਅਗਰਵਾਲ, ਰਾਕੇਸ਼ ਵਰਮਾ, ਪਰਵੀਨ ਕੁਮਾਰ ਤੇ ਹੋਰ ਆਗੂ ਵੀ ਨਾਲ ਸਨ | ਇਸ ਦੌਰਾਨ ਉਨ੍ਹਾਂ ਨੇ ਸ੍ਰੀ ਹਨੂਮਾਨ ਮੰਦਰ ਵਿੱਚ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਵੀ ਲਿਆ |
ਇਸ ਉਪਰੰਤ ਪਵਨ ਟੀਨੂੰ ਤੇ ਵਿਧਾਇਕ ਰਮਨ ਅਰੋੜਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ | ਪਵਨ ਟੀਨੂੰ ਨੇ ਹਾਜਰੀਨ ਨੂੰ ਦਸਿਆ ਕਿ ਕਿਵੇਂ ਚਰਨਜੀਤ ਸਿੰਘ ਚੰਨੀ ਜਲੰਧਰ ਵਾਸੀਆਂ ਤੋਂ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਪੁਛ ਰਿਹਾ ਹੈ, ਇਸ ਦਾ ਮਤਲਬ ਇਹੀ ਹੋਇਆ ਕਿ ਉਹ ਮੰਤਰੀ ਤੇ ਮੁੱਖ ਮੰਤਰੀ ਹੁੰਦਿਆਂ ਜਲੰਧਰ ਤੋਂ ਅਣਜਾਣ ਰਹੇ ਹਨ | ਪਵਨ ਟੀਨੂੰ ਨੇ ਕਿਹਾ ਕਿ ਜੇ ਚੰਨੀ ਨੇ ਆਪਣੇ ਭਦੌੜ ਹਲਕੇ ਦਾ ਹੀ ਵਿਕਾਸ ਕਰਵਾਇਆ ਹੁੰਦਾ ਤਾਂ ਉਸ ਨੂੰ ਜਲੰਧਰ ਨਾ ਆਉਣਾ ਪੈਂਦਾ | ਇਸ ਮੌਕੇ ਵਿਧਾਇਕ ਰਮਨ ਅਰੋੜਾ ਨੇ ਯਕੀਨ ਦਿਵਾਇਆ ਕਿ ਜਲੰਧਰ ਕੇਂਦਰੀ ਹਲਕੇ ਵਿਚੋਂ ਪਵਨ ਟੀਨੂੰ ਨੂੰ ਭਾਰੀ ਲੀਡ ਦਿਵਾ ਕੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਏਗਾ |