ਸੀਨੀਅਰ ਦਲਿਤ, ਕਾਂਗਰਸੀ ਤੇ ਅਕਾਲੀ ਆਗੂਆਂ ਵੱਲੋਂ ਪਵਨ ਟੀਨੂੰ ਦੀ ਹਿਮਾਇਤ
* ਈਸਾਈ ਭਾਈਚਾਰੇ ਵੱਲੋਂ ਵੀ ਸਮਰਥਨ
* ਫੈਕਟਰੀਆਂ ਦੇ ਕਿਰਤੀਆਂ ਵੱਲੋਂ ਵੀ ਭਾਰੀ ਹਿਮਾਇਤ
* ਦਲਿਤ ਲੀਡਰਾਂ ਨੇ ਚੰਨੀ ਨੂੰ ਦਸਿਆ ਡਰਾਮੇਬਾਜ ਲੀਡਰ
ਜਲੰਧਰ, 10 ਮਈ (ਪੱਤਰ ਪ੍ਰੇਰਕ)- ਅੱਜ ਇਥੇੇ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਸੀਟ ਲਈ ਐਲਾਨੇ ਉਮੀਦਵਾਰ ਪਵਨ ਟੀਨੂੰ ਦੀ ਲਹਿਰ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਦੁਆਬੇ ਦੇ ਕਈ ਸੀਨੀਅਰ ਦਲਿਤ, ਕਾਂਗਰਸੀ ਤੇ ਅਕਾਲੀ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਥੇ ਹੀ ਬਸ ਨੇ ਈਸਾਈ ਭਾਈਚਾਰੇ ਵੱਲੋਂ ਵੀ ਮਾਨ ਸਰਕਾਰ ਦੀਆਂ ਨੀਤੀਆਂ ਦਾ ਸਤਿਕਾਰ ਕਰਦੇ ਹੋਏ ਪਵਨ ਟੀਨੂੰ ਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ |
ਖਬਰ ਦੇ ਵਿਸਥਾਰ ਅਨੁਸਾਰ ਦੁਆਬੇ ਦੇ ਸੀਨੀਅਰ ਦਲਿਤ ਆਗੂਆਂ ਬਲਵਿੰਦਰ ਕੁਮਾਰ ਬੁੱਗਾ ਨੇ ਆਪਣੇ ਸਾਥੀਆਂ ਕੁਲਵਿੰਦਰ ਬੈਂਸ, ਬਲਬੀਰ ਸਿੱਧੂ, ਅਮਰਜੀਤ ਬਹੂਬਲੀ, ਨਵੀਨ ਕੁਮਾਰ, ਗੁਰਜੀਤ ਬੰਗਾ ਤੇ ਹੋਰਨਾਂ ਸਮੇਤ ਪਵਨ ਟੀਨੂੰ ਦੀ ਹਿਮਾਇਤ ਕਰਦੇ ਹੋਏ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਉਤੇ ਰੱਖਣ, ਪੋਸਟ ਮੈਟਿ੍ਕ ਸਕੀਮ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਬੱਚਿਆਂ ਤਕ ਪੁਜਦਾ ਕਰਨ ਲਈ ਆਪਣੇ ਵਿਚਾਰ ਦੱਸੇ | ਉਕਤ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਕਾਲੀ ਸੂਚੀ ਵਿੱਚ ਸ਼ਾਮਲ ਸੰਸਥਾਵਾਂ ਜਿਨ੍ਹਾਂ ਨੇ ਗਰੀਬ ਵਿਦਿਆਰਥੀਆਂ ਦੇ ਵਜੀਫੇ ਹੜੱਪ ਕੀਤੇ ਹਨ, ਉਨ੍ਹਾਂ ਨੂੰ 100 ਕਰੋੜ ਰੁਪਏ ਮੁਆਫ ਕਰਨ ਸਬੰਧੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ | ਉਕਤ ਦਲਿਤ ਆਗੂਆਂ ਨੇ ਸਪੱਸ਼ਟ ਕਿਹਾ ਕਿ ਚੰਨੀ ਡਰਾਮੇਬਾਜ ਦਲਿਤ ਲੀਡਰ ਹੈ ਤੇ ਹੁਣ ਦਲਿਤ ਉਸ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ |
ਇਸੇ ਤਰ੍ਹਾਂ ਅੱਜ ਸਵੇਰੇ ਅਸੰਬਲੀ ਹਲਕਾ ਆਦਮਪੁਰ ਦੇ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਅਗਰਵਾਲ, ਯੂਥ ਆਗੂ ਰਿੰਕੂ ਸਹੋਤਾ, ਵਰਿੰਦਰ ਬਾਵਾ ਦੇ ਨਾਲ ਕਈ ਹੋਰ ਕੌਂਸਲਰਾਂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਦੇ ਉਮੀਦਵਾਰ ਪਵਨ ਟੀਨੂੰ ਨੂੰ ਮਿਲ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ | ਉਕਤ ਸ਼ਾਮਲ ਹੋਣ ਵਾਲੇ ਆਗੂਆਂ ਨੇ ਦਸਿਆ ਕਿ ਕਾਂਗਰਸ ਹੁਣ ਧਨਾਢਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ |
ਇਸੇ ਦੌਰਾਨ ਕਈ ਅਕਾਲੀ ਆਗੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਕੁਲਵੰਤ ਸਿੰਘ ਸਾਬਕਾ ਸਰਪੰਚ ਦੌਲਤ ਪੁਰ ਢੱਡਾ, ਹਰਪ੍ਰੀਤ ਸਿੰਘ ਸਾਹਨੀ, ਪ੍ਰਮਜੀਤ ਸਿੰਘ ਸੋਢੀ, ਰਾਮ ਆਸਰਾ ਹੈਪੀ, ਦਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਗੁਰਨਾਮ ਸਿੰਘ ਸਰਪੰਚ, ਹਰਨੇਕ ਸਿੰਘ, ਨਿਰਮਲ ਕੌਰ ਸਾਬਕਾ ਸਰਪੰਚ, ਬਲਵਿੰਦਰ ਕੌਰ ਪੰਚ ਪਿੰਡ ਦੌਲਤ ਪੁਰ ਸ਼ਾਹਕੋਟ ਸ਼ਾਮਲ ਹਨ | ਉਨ੍ਹਾਂ ਦਸਿਆ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਇਸ ਵਿੱਚ ਸ਼ਾਮਲ ਹੋ ਰਹੇ ਹਨ | ਇਸ ਮੌਕੇ ਸ. ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਢੁਕਵਾਂ ਮਾਣ ਸਤਿਕਾਰ ਦਿਤਾ ਜਾਏਗਾ |
ਇਸੇ ਤਰ੍ਹਾਂ ਸਥਾਨਕ ਬਿਸ਼ਪ ਹਾਊਸ ਵਿਖੇ ਬਿਸ਼ਪ ਅਗੇਨਲੋ ਗਰੇਸੀਅਸ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਜਲੰਧਰ ਤੋਂ ਆਪ ਦੇ ਲੋਕ ਸਭਾ ਉਮੀਦਵਾਰ ਪਵਨ ਟੀਨੂੰ ਵੱਲੋਂ ਮੁਲਾਕਾਤ ਕੀਤੀ ਗਈ | ਇਸ ਮੌਕੇ ਰੂਬੀ ਕੋਲੇਨਚਰੀ, ਐਂਥੋਨੀ ਟਰੂਟੀ, ਵਿਲੀਅਮ ਸਹੋਤਾ, ਜਾਰਜ ਸੋਨੀ ਸਟੇਟ ਪ੍ਰਧਾਨ ਮਿਨਾਰਿਟੀ ਸੈਲ ਤੇ ਹੋਰ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ | ਮੁੱਖ ਮੰਤਰੀ ਮਾਨ ਵੱਲੋਂ ਦੱਸੀਆਂ ਗਈਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਛੇਤੀ ਹੀ ਇਨ੍ਹਾਂ ‘ਤੇ ਅਮਲ ਕਰਨ ਦਾ ਭਰੋਸਾ ਦਿਤਾ |
ਇਸ ਤੋਂ ਇਲਾਵਾ ਅੱਜ ਸ਼ਹਿਰ ਦੇ ਇੰਡਸਟ੍ਰੀਅਲ ਏਰੀਆ ਵਿਖੇ ਸ਼ੀਲਾ ਇੰਟਰਨੈਸ਼ਨਲ ਫੈਕਟਰੀ ਦੇ ਪ੍ਰਬੰਧਕਾਂ ਤੇ ਕਿਰਤੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਹਿਮਾਇਤ ਦਾ ਜਬਰਦਸਤ ਐਲਾਨ ਹੋਇਆ | ਇਸ ਮੌਕੇ ਸੀਨੀਅਰ ਆਗੂ ਮਹਿੰਦਰ ਲਾਲ ਭਗਤ, ਗੁਰਚਰਨ ਸਿੰਘ ਚੰਨੀ, ਕੀਮਤੀ ਭਗਤ, ਮੁਨੀਸ਼ ਅਰੋੜਾ ਪ੍ਰਧਾਨ, ਨਰੇਸ਼ ਬਤਰਾ ਸੈਕਟਰੀ, ਵਿਸ਼ਨੂ ਵਧਵਾ ਸੈਕਟਰੀ, ਅਜੇ ਮਹਾਜਨ, ਸਿਧਾਤਾ ਮਦਾਨ, ਤਾਮੁਜ ਮਾਗੋ, ਵਿਸ਼ਾਲ ਨਾਗਪਾਲ, ਵਰਿੰਦਰ ਮੁਰਗਾਈ, ਸੁਭਾਸ਼ ਧੀਰ, ਰਜਿੰਦਰ ਸਿੰਘ ਕਲਸੀ, ਬਰਿੰਦਰ ਸਿੰਘ ਕਲਸੀ, ਰਾਕੇਸ਼ ਖੰਨਾ, ਨਰੇਸ਼ ਖੰਨਾ ਤੇ ਹੋਰ ਸਖਸ਼ੀਅਤਾਂ ਵੀ ਸ਼ਾਮਲ ਸਨ | ਇੰਡਸਟ੍ਰੀਅਲ ਏਰੀਆ ਵਿੱਚ ਜਲੰਧਰ ਲੈਦਰ ਇੰਡੀਆ ਪ੍ਰਾ: ਲਿ: ਦੇ ਮਾਲਕਾਂ, ਪ੍ਰਬੰਧਕਾਂ ਤੇ ਕਿਰਤੀਆਂ ਵੱਲੋਂ ਵੀ ਆਪ ਉਮੀਦਵਾਰ ਪਵਨ ਟੀਨੂੰ ਦੀ ਡਟਵੀਂ ਹਿਮਾਇਤ ਕੀਤੀ ਗਈ | ਇਸ ਮੌਕੇ ਜਸਕੀਰਤ ਸਿੰਘ ਡਾਇਰੈਕਟਰ, ਜਗਜੀਤ ਸਿੰਘ ਐਮ ਡੀ. ਸਮੇਤ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ, ਮਹਿੰਦਰ ਭਗਤ, ਕੀਮਤੀ ਭਗਤ ਤੇ ਹੋਰ ਸ਼ਾਮਲ ਹੋਏ |
- ਪਵਨ ਟੀਨੂੰ ਵੱਲੋਂ ਅੱਜ ਜਲੰਧਰ ਛਾਉਣੀ ਹਲਕੇ ਦੇ ਪਿੰਡ ਖੁਰਲਾ ਕਿੰਗਰਾ ਤੇ ਵਾਰਡ ਨੰਬਰ 36,76,78 ਵਿੱਚ ਪੈਂਦੇ ਕਈ ਇਲਾਕਿਆਂ ਵਿੱਚ ਵੀ ਜਨ ਸਭਾਵਾਂ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਨੂੰ ਲੋਕਾਂ ਨੇ ਬਾਹਾਂ ਖੜੀਆਂ ਕਰਕੇ ਭਰਵੀਂ ਹਿਮਾਇਤ ਦਿਤੀ |