ਬਲਕੌਰ ਸਿੰਘ ਸਿੱਧੂ ਨੇ ਜਲੰਧਰ ਦੇ ਲੋਕਾਂ ਨੂੰ ਚਰਨਜੀਤ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ
ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲਾ ਦੇ ਕਤਲ ਦਾ ਲੇਖਾ-ਜੋਖਾ ਹੋਵੇਗਾ ਤੇ ਸਰਕਾਰ ਨੂੰ ਭੁਗਤਣਾ ਪਵੇਗਾ ਨਤੀਜਾ- ਚਰਨਜੀਤ ਚੰਨੀ
ਜਲੰਧਰ/ਸ਼ਾਹਕੋਟ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ। ਬਲਕੌਰ ਸਿੰਘ ਨੇ ਸ਼ਾਹਕੋਟ ਹਲਕੇ ਦੇ ਹਲਕਾ ਮਲਸੀਆਂ, ਕੱਕੜ, ਮਹੇੜੂ, ਬਲੋਕੀ, ਬਘੇਲਾ ਅਤੇ ਮਹਿਤਪੁਰ ਆਦਿ ਵਿੱਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਬਲਕੌਰ ਸਿੰਘ ਵੀ ਉਨ੍ਹਾਂ ਦੇ ਨਾਲ ਰਹੇ।ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਚੰਨੀ ਵਿਕਾਸ ਦੀ ਸੋਚ ਰੱਖਣ ਵਾਲੇ ਵਿਅਕਤੀ ਹਨ ਅਤੇ ਅਜਿਹੇ ਆਗੂ ਨੂੰ ਚੁਣ ਕੇ ਲੋਕ ਸਭਾ ਚ ਭੇਜਿਆ ਜਾਵੇ ਤਾਂ ਜੋ ਪੰਜਾਬ ਦੇ ਮੁੱਦੇ ਹੱਲ ਕਰਵਾਏ ਜਾ ਸਕਣ।ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ‘ਚ ਨਸ਼ਾ ਬਹੁਤ ਵਧ ਗਿਆ ਹੈ ਅਤੇ ਇਸ ਨੂੰ ਖਤਮ ਕਰਨਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪਹਿਲਾਂ ਨਸ਼ੇ ਤੇ ਲਗਾਇਆ ਜਾਂਦਾ ਹੈ ਤੇ ਫਿਰ ਜੁਰਮ ਦੇ ਰਸਤੇ ਤੇ ਤੋਰ ਤੇ ਜ਼ਿੰਦਗੀ ਬਰਬਾਦ ਕੀਤੀ ਜਾਂਦੀ ਹੈ ਜਿਸ
ਵਿੱਚ ਸਰਕਾਰੀ ਤੰਤਰ ਵੀ ਭਾਈਵਾਲ ਹੈ।ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਉਹ ਆਪਣੇ ਪੁੱਤਰ ਸਿੱਧੂ ਦੇ ਕਾਤਲਾਂ ਦੀ ਗੱਲ ਕਰ ਰਹੇ ਹਨ ਪਰ ਅਜੇ ਤੱਕ ਅਸਲ ਦੋਸ਼ੀ ਨਹੀਂ ਫੜੇ ਜਾ ਰਹੇ ਹਨ ਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ। ਉੱਨਾਂ ਅਮਨ-ਕਾਨੂੰਨ ਦੀ ਸਥਿਤੀ ‘ਤੇ ਬੋਲਦਿਆਂ ਪੰਜਾਬ ਦੇ ਹਾਲਾਤ ਬਿਹਾਰ ਤੋਂ ਵੀ ਬਦਤਰ ਹੋ ਗਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ‘ਚ ਇਹ ਗੱਲ ਮੰਨ ਲਈ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਸੁਰੱਖਿਆ ਘੱਟ ਕਰਨ ਕਾਰਨ ਹੋਇਆ ਹੈ ਜਦ ਕਿ ਉਹ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਸੁਰੱਖਿਆ ਦੀ ਕਮੀ ਅਤੇ ਸੁਰੱਖਿਆ ਸਬੰਧੀ ਸੂਚਨਾਵਾਂ ਲੀਕ ਹੋਣ ਕਾਰਨ ਸਿੱਧੂ ਦਾ ਕਤਲ ਹੋਇਆ ਹੈ ਪਰ ਸਰਕਾਰ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੈ। ਜਦੋਂ ਕਿ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਉਸ ਦੀ ਗੱਲ ਨਹੀਂ ਸੁਣੀ। ਉੱਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਉਨਾ ਦੇ ਪਰਿਵਾਰ ਦਾ ਸਾਥ ਦਿੱਤਾ ਹੈ ਜਦ ਕਿ ਮੋਜੂਦਾ ਸਰਕਾਰ ਨੇ ਉੱਨਾਂ ਦੀ ਕੋਈ ਗੱਲ ਨਹੀ ਸੁਣੀ।ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ਾਹਕੋਟ ਦੇ ਲੋਕਾਂ ਨੇ ਉਨ੍ਹਾਂ ਨੂੰ ਵੱਡਾ ਹੁਲਾਰਾ ਦਿੱਤਾ ਹੈ ਅਤੇ ਇਸ ਹਲਕੇ ਦੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਪਾਸੜ ਹੋ ਕੇ ਉਨ੍ਹਾਂ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ ਹੈ।ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਸਿੱਧੂ ਮੂਸੇਵਾਲਾ ਨਾਲ ਬਹੁਤ ਪਿਆਰ ਸੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਹੀ ਏ.ਡੀ.ਜੀ.ਪੀ. ਸੁਰੱਖਿਆ ਨੂੰ ਕਹਿ ਕੇ ਸਿੱਧੂ ਦੀ ਸੁਰੱਖਿਆ ਘਟਾ ਦਿੱਤੀ ਅਤੇ ਉਨ੍ਹਾਂ ਦੇ ਪੀ.ਏ ਨੇ ਇਹ ਗੱਲ ਲੀਕ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਦੇ ਹੀਰੋ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ ਉਹ ਸਮਾਂ ਆਵੇਗਾ ਜਦੋਂ ਪੰਜਾਬ ਦੇ ਪੁੱਤ ਨੂੰ ਮਾਰਨ ਦੀ ਜਵਾਬਦੇਹੀ ਹੋਵੇਗੀ ਅਤੇ ਇਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਦੁਕਾਨਦਾਰਾਂ ਅਤੇ ਵੱਡੇ ਕਾਰੋਬਾਰੀਆਂ ਤੋਂ ਫਿਰੌਤੀ ਮੰਗੀ ਜਾ ਰਹੀ ਹੈ, ਜਦਕਿ ਉਨ੍ਹਾਂ ਨੂੰ 2 ਕਰੋੜ ਰੁਪਏ ਦੀ ਮੰਗ ਕਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ, ਉਨ੍ਹਾਂ ਕਿਹਾ ਕਿ ਇੱਥੇ ਚਿੱਟੇ ਦਾ ਨਸ਼ਾ ਖੁੱਲ੍ਹੇਆਮ ਵੇਚਿਆ ਜਾ ਰਿਹਾ ਹੈ ਉਹ ਲੋਕਾਂ ਨੂੰ ਸਾਫ਼-ਸੁਥਰਾ ਅਤੇ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰੇਗਾ ਤਾਂ ਜੋ ਉਹ ਇੱਥੇ ਆਰਾਮ ਨਾਲ ਰਹਿ ਸਕਣ। ਚੰਨੀ ਕਿਹਾ ਕਿ ਉਨ੍ਹਾਂ ਨੇ ਤਿੰਨ ਮਹੀਨਿਆਂ ਵਿੱਚ ਇੰਨਾ ਕੰਮ ਕੀਤਾ ਹੈ ਅਤੇ ਜੇਕਰ ਲੋਕ ਉਨ੍ਹਾਂ ਨੂੰ ਪੰਜ ਸਾਲ ਕੰਮ ਕਰਨ ਦਾ ਮੌਕਾ ਦੇਣਗੇ ਤਾਂ ਉਹ ਵੱਡੇ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਬਿਜਲੀ ਬਿੱਲ ਮਾਫ ਕਰਨ ਦੇ ਦਾਵੇ ਕਰ ਰਹੀ ਹੈ ਜਦ ਕਿ ਪਿੰਡਾਂ ਵਿੱਚ ਲੋਕਾਂ ਦੇ ਹਜ਼ਾਰਾਂ ਰੁਪਏ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਲੰਧਰ ‘ਚ ਉਦਯੋਗ ਲੈ ਕੇ ਆਉਣਗੇ ਅਤੇ ਬੇਰੋਜ਼ਗਾਰੀ ਦਾ ਖਾਤਮਾ ਕਰਨਗੇ।ਇਸ ਦੌਰਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਸ਼ਾਹਕੋਟ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਸ਼ੇਰੋਵਾਲੀਆ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਚੰਨੀ ਤੋਂ ਬਹੁਤ ਉਮੀਦਾਂ ਹਨ ਅਤੇ ਚੰਨੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਾਲਾ ਆਗੂ ਹੈ।