ਪੰਜਾਬ ਸਰਕਾਰ ਨੇ ਬੈਂਕ ਲੋਨ ਅਤੇ ਵਪਾਰਕ ਲਿਮਟਾ ਤੇ ਸਟੈਂਪ ਡਿਊਟੀ ਵਧਾ ਕੇ ਲੋਕਾਂ ਤੇ ਆਰਥਿਕ ਬੋਝ ਹੋਰ ਵਧਾ ਦਿੱਤਾ-ਚਰਨਜੀਤ ਚੰਨੀ
ਪਹਿਲਾਂ ਤੋਂ ਮੰਦੀ ਦੀ ਮਾਰ ਝੇਲ ਰਹੇ ਵਪਾਰੀਆਂ ਦੀਆਂ ਬੈਂਕ ਲਿਮਟਾਂ ਤੇ ਸ਼ਟੈਂਪ ਡਿਉਟੀ ਲਗਾ ਵਪਾਰੀਆਂ ਪਾਇਆ ਬੋਝ-ਚੰਨੀ
ਜਲੰਧਰ-
ਪੰਜਾਬ ਸਰਕਾਰ ਵਪਾਰੀਆਂ ਤੇ ਆਮ ਲੋਕਾਂ ਨੂੰ ਸਸਤੇ ਦਰ ਤੇ ਬੈਂਕ ਲੋਕ ਦੀਆਂ ਸੁਵਿਧਾਵਾਂ ਦੇਣ ਦੀ ਬਜਾਏ ਆਰਥਿਕ ਬੋਝ ਵਧਾਉਣ ਵੱਲ ਜ਼ਿਆਦਾ ਤਰਜੀਹ ਦੇ ਰਹੀ ਹੈ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਹੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਵਾਂ ਕਾਰਨਾਮਾ ਕਰਦਿਆਂ ਬੈਂਕ ਲੋਨਾਂ ਤੇ 0.5 ਪ੍ਰਤੀਸ਼ਤ ਦੀ ਸ਼ਟੈਂਪ ਡਿਊਟੀ ਲਗਾ ਦਿੱਤੀ ਹੈ।ਜਿਸਦੇ ਚੱਲਦਿਆਂ ਹੁਣ ਮਕਾਨ,ਕਾਰ ਜਾਂ ਹੋਰ ਕਿਸੇ ਵੀ ਚੀਜ਼ ਤੇ ਲੋਨ ਲੈਣ ਸਮੇਂ ਲੋਕ ਦੀ ਕੁੱਲ ਰਾਸ਼ੀ ਦੀ 0.5 ਪ੍ਰਤੀਸ਼ਤ ਸ਼ਟੈਂਪ ਡਿਊਟੀ ਦੇਣੀ ਪਵੇਗੀ ਜਦ ਕਿ ਵਪਾਰੀਆਂ ਅਤੇ ਉਦਯੋਗਪਤੀਆਂ ਵੱਲੋਂ ਵਪਾਰ ਦੇ ਲਈ ਲਈਆਂ ਗਈਆਂ ਬੈਂਕ ਲਿਮਟਾਂ ਤੇ ਵੀ ਇਹ ਸ਼ਰਤ ਲਾਗੂ ਕਰ ਦਿੱਤੀ ਗਈ ਹੈ ਜਿਸ ਨਾਲ ਕਰੋੜਾਂ ਰੁਪਏ ਦੀਆਂ ਬੈਂਕ ਲਿਮਟਾਂ ਲੈ ਕੇ ਵਪਾਰ ਕਰ ਰਹੇ ਵਪਾਰੀਆਂ ਤੇ ਇਹ ਵਾਧੂ ਬੋਝ ਪਾ ਦਿੱਤਾ ਗਿਆ ਹੈ।ਉੱਨਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਕਿ ਬੈਂਕਾਂ ਤੋਂ ਲੋਨ ਲੈਣ ਵਾਲੇ ਆਮ ਲੋਕਾਂ ਤੇ ਵਾਧੂ ਭਾਰ ਪਿਆ ਹੈ ਉੱਥੇ ਹੀ ਵਪਾਰੀਆਂ ਤੇ ਉਦਿਯੋਗਪਤੀਆਂ ਤੇ ਵੱਡਾ ਆਰਥਿਕ ਬੋਝ ਪਾ ਦਿੱਤਾ ਗਿਆ ਹੈ।ਉੱਨਾਂ ਕਿਹਾ ਕਿ ਸਰਕਾਰ ਲੋਕਾਂ ਲਈ ਸਹੂਲਤਾਂ ਦੀਆ ਨੀਤੀਆਂ ਘੜਨ ਦੀ ਬਜਾਏ ਲੋਕਾਂ ਦੀਆਂ ਜੇਭਾਂ ਤੇ ਡਾਕਾ ਮਾਰਨ ਦੀਆਂ ਨੀਤੀਆਂ ਬਣਾ ਰਹੀ ਹੈ।ਸ.ਚੰਨੀ ਨੇ ਕਿਹਾ ਕਿ ਜਿਸ ਕਦਰ ਪੰਜਾਬ ਵਿੱਚ ਉਦਿਯੋਗਾ ਦੀ ਸਥਿਤੀ ਬਣਦੀ ਰਹੀ ਹੈ ਉਸ ਨਾਲ ਉਦਿਯੋਗ ਪਹਿਲਾਂ ਹੀ ਪੰਜਾਬ ਤੋੰ ਬਾਹਰ ਦਾ ਰੁਖ ਕਰ ਰਹੇ ਹਨ।ਉੱਨਾਂ ਕਿਹਾ ਕਿ ਪੰਜਾਬ ਸਰਕਾਰ ਦੂਜੇ ਸੂਬਿਆਂ ਦਾ ਰੁਖ ਕਰ ਰਹੇ ਉਦਿਯੋਗਾ ਨੂੰ ਤਾਂ ਰੋਕਣ ਲਈ ਕੋਈ ਕਦਮ ਨਹੀਂ ਚੁੱਕ ਰਹੀ ਬਲਕਿ ਵਪਾਰੀਆਂ ਦੀਆਂ ਬੈਂਕ ਲਿਮਟਾਂ ਤੇ ਵਾਧੂ ਸ਼ਟੈਂਪ ਡਿਊਟੀ ਵਧਾ ਕੇ ਵਪਾਰੀਆਂ ਤੇ ਬੋਝ ਜ਼ਰੂਰ ਵਧਾ ਦਿੱਤਾ ਹੈ।ਉੱਨਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ ਤੇ ਅਜਿਹੇ ਵਿੱਚ ਜੇਕਰ ਉਦਿਯੋਗਾ ਨੂੰ ਰਾਹਤ ਨਾਂ ਦਿੱਤੀ ਗਈ ਤਾਂ ਸੂਬੇ ਦੀ ਆਰਥਿਕ ਸਥਿਤੀ ਹੋਰ ਭੈੜੀ ਹੋ ਜਾਵੇਗੀ।ਉੱਨਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਪੰਜਾਬ ਲਈ ਕੋਈ ਵਿਸ਼ੇਸ਼ ਪੇਕੇਜ ਨਹੀਂ ਦੇ ਰਹੀ ਹੈ ਤੇ ਜੇਕਰ ਪੰਜਾਬ ਸਰਕਾਰ ਵੀ ਵਪਾਰੀਆਂ ਲਈ ਨੂੰ ਕੋਈ ਰਾਹਤ ਦੇਣ ਦੀ ਬਜਾਏ ਸਿੱਧੇ ਤੇ ਅਸਿੱਧੇ ਤੋਰ ਤੇ ਬੋਝ ਵਧਾਏਗੀ ਤਾਂ ਵਪਾਰੀ ਦੀ ਸਾਰ ਕੋਣ ਲਵੇਗਾ।ਉੱਨਾਂ ਕਿਹਾ ਕਿ ਸਰਕਾਰਾਂ ਆਮ ਲੋਕਾਂ ਤੇ ਖਾਸ ਕਰਕੇ ਸੂਬੇ ਦੇ ਵਪਾਰੀਆਂ ਨੂੰ ਸਹੂਲਤਾਂ ਦੇਣ ਲਈ ਹੁੰਦੀਆਂ ਹਨ ਨਾ ਕਿ ਆਰਥਿਕ ਕਚੁੰਭਰ ਕੱਢਣ ਲਈ।