ਆਮ ਆਦਮੀ ਪਾਰਟੀ ਕਤਲ ਕੇਸਾਂ ਵਿੱਚ ਨਾਮਜ਼ਦ ਗੈਂਗਸਟਰਾਂ ਤੋ ਚੋਣਾਂ ਮੋਕੇ ਪੈਰੋਲ ਤੇ ਜੇਲ ਚੋਂ ਬਾਹਰ ਲਿਆ ਕੇ ਚੋਣ ਲੁੱਟਣਾ ਚਾਹੁੰਦੀ-ਚਰਨਜੀਤ ਚੰਨੀ
ਚੋਣ ਕਮਿਸ਼ਨ ਗੈਂਗਸਟਰ ਦਲਜੀਤ ਭਾਨਾ ਦੀ ਪੈਰੋਲ ਰੱਦ ਕਰੇ-ਚੰਨੀ
ਜੇਕਰ ਸ਼ੀਤਲ ਅੰਗੂਰਾਲ ਸਬੂਤ ਮੈਨੂੰ ਦੇ ਦੇਵੇ ਤਾਂ ਮੈਂ ਜਨਤਕ ਕਰ ਦੇਵਾਗਾਂ-ਚਰਨਜੀਤ ਚੰਨੀ
ਜਲੰਧਰ –
ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਲੰਧਰ ਵੈਸ਼ਟ ਵਿਧਾਨ ਸਭਾ ਹਲਕੇ ਦੀ ਚੋਣ ਸਰਕਾਰੀ ਮਸ਼ੀਨਰੀ ਅਤੇ ਪੈਸੇ ਦੇ ਜੋਰ ਤੇ
ਹਾਈਜੈੱਕ ਕਰ ਰਹੀ ਹੈ।ਚਰਨਜੀਤ ਸਿੰਘ ਚੰਨੀ ਨੇ ਪ੍ਰੇਸ ਕਾਨਫਰੰਸ ਕਰ ਕਿਹਾ ਕਿ ਇੱਥੋਂ ਦੇ ਸਥਾਨਕ ਲੀਡਰਾਂ ਸਮੇਤ ਆਮ ਲੋਕਾ ਨੂੰ ਧਮਕੀਆਂ ਦਿੱਤੀਆ ਜਾ ਰਹੀਆਂ।ਉੱਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬੂਥ ਕੈਪਚਰ ਕਰਨ ਦੀ ਵਿਉਂਤਬੰਦੀ ਘੜ ਲਈ ਹੈ ਤੇ ਜੇਲਾਂ ਵਿੱਚ ਸੰਗੀਨ ਅਪਰਾਧਾਂ ਤਹਿਤ ਬੰਦ ਬੇਠੇ ਗੈਂਗਸਟਰਾਂ ਨੂੰ ਪੈਰੋਲ ਤੇ ਲਿਆਦਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਡਰਾ ਕੇ ਇਹ ਚੋਣ ਜਿੱਤੀ ਜਾ ਸਕੇ।ਸ.ਚੰਨੀ ਨੇ ਕਿਹਾ ਕਿ ਜਲੰਧਰ ਵਾਸੀ ਗੈਂਗਸਟਰ ਦਲਜੀਤ ਸਿੰਘ ਭਾਨਾ ਪਟਿਆਲਾ ਦੀ ਜੇਲ ਵਿੱਚ ਕਤਲ ਦੇ ਦੋਸ਼ਾਂ ਤਹਿਤ ਬੰਦ ਸੀ ਤੇ ਜ਼ਮਾਨਤ ਤੇ ਬਾਹਰ ਆਉਣ ਤੋ ਬਾਅਦ ਉਹ ਦੋ ਹੋਰ ਕਤਲ ਕੇਸਾਂ ਵਿੱਚ ਨਾਮਜ਼ਦ ਹੋ ਗਿਆ ਜਿਸ ਤੋ ਬਾਅਦ ਇਸ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ।ਹੁਣ ਆਮ ਆਦਮੀ ਪਾਰਟੀ ਨੇ ਗੈਂਗਸਟਰ ਦਲਜੀਤ ਸਿੰਘ ਭਾਨਾ ਦੇ ਪਰਿਵਾਰ ਤੋ ਡੀ.ਸੀ ਦੇ ਜ਼ਰੀਏ ਦਰਖਾਸਤ ਦਵਾ ਕੇ ਤੇ ਜੇਲ ਸੁਪਰੀਡੈਂਟ ਤੇ ਦਬਾਉ ਪਾ ਕੇ ਇਸ ਨੂੰ ਪੈਰੋਲ ਤੇ ਜੇਲ ਚੋਂ ਬਾਹਰ ਲੈ ਆਉਦਾ ਹੈ।ਸ.ਚੰਨੀ ਨੇ ਕਿਹਾ ਕਿ ਗੈਂਗਸਟਰ ਦਲਜੀਤ ਸਿੰਘ ਭਾਨਾ ਪੁਲਿਸ ਨੂੰ ਨਾਲ ਲੈ ਕੇ ਜਲੰਧਰ ਵੈਸ਼ਟ ਹਲਕੇ ਵਿੱਚ ਸ਼ਰੇਆਮ ਘੁੰਮ ਰਿਹਾ ਹੈ ਤੇ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ।ਉੱਨਾਂ ਕਿਹਾ ਕਿ ਇਹ ਗੈਂਗਸਟਰ ਸ਼ੀਤਲ ਅੰਗੁਰਾਲ ਦੇ ਘਰ ਦੇ ਨੇੜੇ ਘੁੰਮਦਾ ਹੋਇਆ ਵੀ ਦੇਖਿਆ ਗਿਆ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੀ ਆਮ ਆਦਮੀ ਪਾਰਟੀ ਮੈਨੂੰ ਯਾਂ ਸ਼ੀਤਲ ਅੰਗੂਰਾਲ ਨੂੰ ਮਰਵਾਉਣਾ ਚਾਹੁੰਦੀ ਹੈ?ਉਨਾਂ ਕਿਹਾ ਕਿ ਇਹ ਗੈਂਗਸਟਰ ਕਾਂਗਰਸ ਪਾਰਟੀ ਦੇ ਸਮਰਥਕਾਂ ਨੂੰ ਡਰਾ ਧਮਕਾ ਰਿਹਾ ਹੈ।ਸ.ਚੰਨੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ 10 ਜੁਲਾਈ ਤੱਕ ਗੈਂਗਸਟਰ ਦਲਜੀਤ ਸਿੰਘ ਭਾਨਾ ਦੀ ਪੈਰੋਲ ਰੱਦ ਕੀਤੀ ਜਾਵੇ।ਉੱਨਾਂ ਕਿਹਾ ਕਿ ਏ.ਗਰੇਡ ਕੈਟਾਗਿਰੀ ਦੇ ਅਪਰਾਧੀ ਨੂੰ ਚੋਣਾਂ ਦੋਰਾਨ ਪੈਰੋਲ ਨਹੀ ਦਿੱਤੀ ਜਾ ਸਕਦੀ ਤੇ ਮੁੱਖ ਮੰਤਰੀ ਜਵਾਬ ਦੇਣ ਕਿ ਦਲਜੀਤ ਭਾਨਾ ਨੂੰ ਕਿਸ ਅਧਾਰ ਤੇ ਪੈਰੋਲ ਦਿੱਤੀ ਗਈ ਹੈ।ਸ.ਚੰਨੀ ਨੇ ਕਿਹਾ ਕਿ ਜਲੰਧਰ ਵਿੱਚ ਡੇਰਾ ਲਗਾਈ ਬੇਠੇ ਲੀਡਰ ਜਿੰਨਾ ਨੇ ਇਸ ਗੈਂਗਸਟਰ ਨੂੰ ਜੇਲ ਤੋ ਬਾਹਰ ਲਿਆਉਣ ਲਈ ਸਿਫਾਰਿਸ਼ ਕੀਤੀ ਹੈ ਉਹੀ ਹੁਣ ਇਸ ਨੂੰ ਦੁਬਾਰਾ ਜੇਲ ਭੇਜਣ ਦੀ ਵੀ ਸਿਫ਼ਾਰਿਸ਼ ਕਰਨ।ਉੱਨਾਂ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਡੀ.ਸੀ ਅਤੇ ਪੁਲਿਸ ਨੇ ਗੈਂਗਸਟਰ ਦਲਜੀਤ ਭਾਨਾ ਨੂੰ ਜੇਲ ਤੋ ਬਾਹਰ ਲਿਆਉਣ ਦੀ ਇਜਾਜ਼ਤ ਕਿਸ ਤਰਾਂ ਨਾਲ ਦੇ ਦਿੱਤੀ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਵੱਲੋਂ ਮੁੱਖ ਮੰਤਰੀ ਦੇ ਪਰਿਵਾਰ ਤੇ ਲਗਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਹਾਈ ਕੋਰਟ ਇਸ ਦਾ ਸੂਮ ਮੋਟੋ ਲਵੇ ਅਤੇ ਸੀ.ਬੀ.ਆਈ ਇਸ ਦੀ ਜਾਂਚ ਕਰੇ।ਉੱਨਾਂ ਕਿਹਾ ਕਿ ਮੁੱਖ ਮੰਤਰੀ ਦੇ ਖਿਲਾਫ ਬੋਲਣ ਵਾਲੇ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ।ਉੱਨਾਂ ਕਿਹਾ ਕਿ ਜਲੰਧਰ ਵਿਚ ਗੈਰ ਕਨੂੰਨੀ ਕੰਮ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਹੋ ਰਹੇ ਹਨ ਭਾਵੇਂ ਕਿ ਉਹ ਪਹਿਲਾਂ ਸ਼ੀਤਲ ਅੰਗੂਰਾਲ ਕਰਦਾ ਹੋਵੇ ਤੇ ਹੁਣ ਰਮਨ ਅਰੋੜਾ ਦੁਆਰਾ ਕਰਵਾਏ ਜਾ ਰਹੇ ਹਨ।ਚੰਨੀ ਨੇ ਕਿਹਾ ਕਿ ਉਨਾ ਦੀ ਇਸ ਮਸਲੇ ਨੂੰ ਲੈ ਕੇ ਸ਼ੀਤਲ ਅੰਗੂਰਾਲ ਦੇ ਨਾਲ ਹਮਦਰਦੀ ਹੈ ਤੇ ਜੇਕਰ ਸ਼ੀਤਲ ਅੰਗੂਰਾਲ ਇਹ ਸਬੂਤ ਉੱਨਾਂ ਦੇ ਦੇਵੇ ਉਹ ਇੰਨਾਂ ਸਬੂਤਾਂ ਨੂੰ ਜਨਤਕ ਕਰ ਦੇਣਗੇ।ਉੱਨਾਂ ਕਿਹਾ ਕਿ ਰਮਨ ਅਰੋੜਾ ਤੇ ਮੁੱਖ ਮੰਤਰੀ ਅਤੇ ਉੱਨਾਂ ਦਾ ਪਰਿਵਾਰ ਕਟਿਹਰੇ ਵਿੱਚ ਖੜਾ ਹੋ ਗਿਆ ਹੈ।ਚੰਨੀ ਨੇ ਕਿਹਾ ਕਿ ਉਹ ਲੋਕਾਂ ਵਿੱਚ ਪਿਆਰ ਦਾ ਸੁਨੇਹਾ ਦੇ ਕੇ ਚੋਣ ਲੜ ਰਹੇ ਹਨ ਤੇ ਲੋਕਾ ਦਾ ਪਿਆਰ ਵੀ ਕਾਂਗਰਸ ਪਾਰਟੀ ਦੀ ਉਮੀਦਵਾਰ ਨੂੰ ਮਿਲ ਰਿਹਾ ਹੈ।ਉੱਨਾਂ ਕਿਹਾ ਕਿ ਇਸ ਝੂਠੀ ਇੰਨਕਲਾਬੀ ਸਰਕਾਰ ਤੋਂ ਪੰਜਾਬ ਤੇ ਜਲੰਧਰ ਦੇ ਲੋਕਾਂ ਨੂੰ ਬਚਾਉਣ ਦੀ ਲੋੜ ਹੈ।ਉੱਨਾਂ ਕਿਹਾ ਕਿ ਜਲੰਧਰ ਦੇ ਲੋਕ ਨਾ ਤਾਂ ਡਰਦੇ ਹਨ ਤੇ ਨਾ ਹੀ ਵਿਕਾਉ ਹਨ ਤੇ ਨਾ ਹੀ ਲਾਰਿਆਂ ਵਿਚ ਫਸਣਗੇ।ਉੱਨਾਂ ਕਿਹਾ ਕਿ ਮੀਂਹ ਦੇ ਕਾਰਨ ਜਲੰਧਰ ਦੇ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਮਾਰ ਕਰ ਰਿਹਾ ਹੈ ਤੇ ਲੋਕਾਂ ਨੂੰ ਪੀਣ ਲਈ ਪਾਣੀ ਤੱਕ ਨਹੀ ਮਿਲ ਰਿਹਾ।ਚੰਨੀ ਨੇ ਕਿਹਾ ਕਿ ਉੱਨਾਂ ਵੱਲੋਂ ਜਲੰਧਰ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਟਿਉਬੈੱਲ ਲਗਾਉਣ ਦਾ ਐਸ਼ਟੀਮੇਟ ਤਿਆਰ ਕਰਨ ਲਈ ਕਿਹਾ ਹੈ ਤੇ ਉਹ ਐਮ.ਪੀ. ਫੰਡ ਚੋਂ ਇੱਥੇ ਟਿਊਬਵੈੱਲ ਲਗਵਾਉਣਗੇ।ਉੱਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਸਮੱਸਿਆ ਦਾ ਹੱਲ ਕਰਨ ਵਿਚ ਫੇਲ ਸਾਬਤ ਹੋਈ ਹੈ।ਚੰਨੀ ਨੇ ਜਲੰਧਰ ਦੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਚੰਗੇ ਕਿਰਦਾਰ ਵਾਲੇ ਉਮੀਦਵਾਰ ਨੂੰ ਜਿਤਾਉਣ।