ਚਰਨਜੀਤ ਚੰਨੀ ਪਾਰਲੀਮੈਂਟ ਸ਼ਟੈਡਿੰਗ ਕਮੇਟੀ ਵਿੱਚ ਖੇਤੀ,ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਕਮੇਟੀ ਦੇ ਚੇਅਰਮੈਨ ਬਣੇ
ਖੇਤੀ ਬਾੜੀ ਦੇ ਮਸਲੇ ਹੱਲ ਕਰ ਕਿਸਾਨੀ ਨੂੰ ਉੱਚਾ ਚੁੱਕਣ ਲਈ ਕਰਾਂਗੇ ਕੰਮ-ਚਰਨਜੀਤ ਚੰਨੀ
ਜਲੰਧਰ-
ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਖੇਤੀ ਬਾੜੀ,ਪਸ਼ੂ ਪਾਲਣ,ਫੂਡ ਪ੍ਰੋਸੈਸਿੰਗ,ਮੱਛੀ ਪਾਲਣ,ਡੇਅਰੀ ਅਤੇ ਕੋਅਪ੍ਰੇਸ਼ਨ ਵਿਭਾਗ ਦੀ ਸ਼ਟੈਂਡਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।ਪਾਰਲੀਮੈਂਟ ਸ਼ਟੈਡਿੰਗ ਕਮੇਟੀ ਦਾ ਚੇਅਰਮੈਨ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਸੋਨੀਆ ਗਾਂਧੀ,ਰਾਹੁਲ ਗਾਂਧੀ,ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਆਰਜੁਨ ਖੜਗੇ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦਾ ਧੰਨਵਾਦ ਕੀਤਾ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਿੱਥੇ ਕਿ ਜਲੰਧਰ ਹਲਕੇ ਦੇ ਲੋਕਾਂ ਨੇ ਉੱਨਾਂ ਨੂੰ ਜਿਤਾ ਕੇ ਦੇਸ਼ ਦੀ ਪਾਰਲੀਮੈਂਟ ਭੇਜਿਆ ਕੇ ਵੱਡੀ ਜਿੰਮੇਵਾਰੀ ਦਿੱਤੀ ਹੈ ਉੱਥੇ ਹੀ ਕਾਂਗਰਸ ਪਾਰਟੀ ਨੇ ਇਹ ਵੱਡਾ ਅਹੁਦਾ ਦੇ ਕੇ ਪੰਜਾਬ ਦਾ ਮਾਣ ਵਧਾਇਆ ਹੈ।ਉੱਨਾਂ ਕਿਹਾ ਕਿ ਪੰਜਾਬ ਸਮੇਤ ਦੇਸ਼ ਵਿੱਚ ਖੇਤੀ ਬਾੜੀ ਦੀ ਮੁਸ਼ਕਿਲਾਂ ਨੂੰ ਹੱਲ ਕਰਨਾ ਤੇ ਕਿਸਾਨਾਂ ਨੂੰ ਦੇਸ਼ ਵਿੱਚ ਚੰਗਾ ਮਾਹੋਲ ਦੇਣ ਲਈ ਉਹ ਕੰਮ ਕਰਨਗੇ।ਚੰਨੀ ਨੇ ਕਿਹਾ ਕਿ ਮੋਜੂਦਾ ਸਮੇਂ ਵਿੱਚ ਜਿੱਥੇ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਮੰਗਾਂ ਅਤੇ ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਸੰਜੀਦਗੀ ਦਿਖਾਉਣ ਦੀ ਜ਼ਰੂਰਤ ਹੈ ਉੱਥੇ ਹੀ ਖੇਤੀ ਬਾੜੀ ਦੇ ਸਹਾਇਕ ਧੰਦਿਆਂ ਨੂੰ ਵੀ ਉਤਸ਼ਹਿਤ ਕਰਨਾ ਤੇ ਕਿਸਾਨਾਂ ਨੂੰ ਇੰਨਾਂ ਪ੍ਰਤੀ ਜਾਰਗੂਕ ਕਰਨ ਦੇ ਨਾਲ ਨਾਲ ਇੰਨਾਂ ਧੰਦਿਆਂ ਬਾਰੇ ਸਰਕਾਰ ਤੋਂ ਮਿਲਦੀਆਂ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਵੀ ਕੰਮ ਕੀਤਾ ਜਾਣਾ ਚਾਹੀਦਾ ਹੈ।ਚੰਨੀ ਨੇ ਕਿਹਾ ਕਿ ਖੇਤੀ ਬਾੜੀ ਦੇ ਸਹਾਇਕ ਧੰਦਿਆਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਤੇ ਇੰਨਾਂ ਸਹਾਇਕ ਧੰਦਿਆਂ ਵਿੱਚ ਕਿਸਾਨਾਂ ਨੂੰ ਮੋਜੂਦਾ ਸਮੇਂ ਅਨੁਸਾਰ ਸੁਵਿਧਾਵਾਂ ਪ੍ਰਦਾਨ ਕਰਵਾਉਣੀਆਂ ਚਾਹੀਦੀਆ ਹਨ ਤਾਂ ਜੋ ਕਿਸਾਨ ਇੰਨਾਂ ਧੰਦਿਆਂ ਨੂੰ ਵੱਧ ਤੋਂ ਵੱਧ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।ਉੱਨਾਂ ਕਿਹਾ ਕਿ ਜੇਕਰ ਖੇਤੀ ਬਾੜੀ ਅਤੇ ਖੇਤੀ ਬਾੜੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹ ਮਿਲੇਗਾ ਤਾਂ ਦੇਸ਼ ਦਾ ਨੌਜਵਾਨ ਵਿਦੇਸ਼ੀ ਧਰਤੀ ਤੇ ਕੰਮ ਕਰਨ ਲਈ ਜਾਣ ਤੋਂ ਗੁਰੇਜ਼ ਕਰੇਗਾ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਵੇਗਾ।ਉੱਨਾਂ ਕਿਹਾ ਕਿ ਅੱਜ ਦੇਸ਼ ਵਿਚ ਰੋਜ਼ਗਾਰ ਦੇ ਵੱਧ ਤੋਂ ਵੱਧ ਸਾਧਨ ਪੈਦਾ ਕਰਨ ਦੀ ਜ਼ਰੂਰਤ ਹੈ ਤੇ ਖੇਤੀ ਬਾੜੀ ਦੇ ਸਹਾਇਕ ਧੰਦਿਆਂ ਜ਼ਰੀਏ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਦੇ ਹਨ।ਚੰਨੀ ਨੇ ਕਿਹਾ ਕਿ ਅੱਜ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਵੱਡੇ ਕਰਨਾ ਤੇ ਕਿਸਾਨਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਜ਼ਰੂਰਤ ਹੈ।ਉੱਨਾਂ ਕਿਹਾ ਕਿ ਇੰਨਾਂ ਵਿਭਾਗ ਦੀ ਮੁਸ਼ਕਿਲਾਂ ਨੂੰ ਦੇਸ਼ ਦੀ ਪਾਰਲੀਮੈਂਟ ਚ ਲਿਆ ਕੇ ਹੱਲ ਕਰਵਾਉਣ ਤੇ ਵੀ ਜ਼ੋਰ ਦਿੱਤਾ ਜਾਵੇਗਾ।ਇਹ ਅਹੁਦਾ ਮਿਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਸਵੇਰੇ 10 ਵਜੇ ਸ਼੍ਰੀ ਚਮਕੋਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਗੇ।।