ਸਾਬਕਾ ਮੰਤਰੀ ਗੁਰਵਿੰਦਰ ਸਿੰਘ ਅਟਵਾਲ ਦੀ ਯਾਦ ਵਿੱਚ ਸਲਾਨਾ ਫੁੱਟਬਾਲ ਟੂਰਨਾਮੈਂਟ 7 ਤੋਂ- ਰਾਜਪਾਲ ਅਟਵਾਲ ਜਲੰਧਰ5ਜਨਵਰੀ—– ਸਾਬਕਾ ਮੰਤਰੀ ਸਰਦਾਰ ਗੁਰਵਿੰਦਰ ਸਿੰਘ ਅਟਵਾਲ ਦੀ ਯਾਦ ਵਿੱਚ ਤਿੰਨ ਰੋਜ਼ਾ ਸਲਾਨਾ ਫੁਟਬਾਲ ਟੂਰਨਾਮੈਂਟ ਸੱਤ ਫਰਵਰੀ ਤੋਂ ਨੌਂ ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਪੰਜਾਬ ਪ੍ਰੈਸ ਕਲੱਬ ਵਿੱਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਰਦਾਰ ਅਟਵਾਲ ਦੇ ਬੇਟੇ ਰਾਜਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਫੁੱਟਬਾਲ ਅਕੈਡਮੀ ਫਿਲੌਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਗੌਰਮਿੰਟ ਸਕੂਲ (ਲੜਕੇ) ਫਿਲੌਰ(ਜਲੰਧਰ)ਦੀਆਂ ਗਰਾਊਂਡਾਂ ਵਿੱਚ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਫੁੱਟਬਾਲ ਆਲ ਓਪਨ, ਫੁੱਟਬਾਲ ਅੰਡਰ- 16 ਸਾਲ ਪਿੰਡ ਪੱਧਰ, ਬਾਸਕਟਵਾਲ, ਕਬੱਡੀ ਨੈਸ਼ਨਲ ਸਟਾਈਲ ਅੰਡਰ- 19, ਰੱਸਾਕਸ਼ੀ ਆਦਿ ਮੁਕਾਬਲੇ ਕਰਵਾਏ ਜਾ ਰਹੇ ਹਨ। ਉਹਨਾਂ ਨੂੰ ਦੱਸਿਆ ਕਿ ਫੁੱਟਬਾਲ ਕੱਪ ਜੇਤੂ ਟੀਮ ਦਾ ਪਹਿਲਾ ਇਨਾਮ 75,000 ਅਤੇ ਦੂਜਾ ਇਨਾਮ 41000 ਰੁਪਏ ਹੋਵੇਗਾ। ਰਾਜਪਾਲ ਅਟਵਾਲ ਨੇ ਦੱਸਿਆ ਕਿ ਸਿਆਸਤ ਤੋਂ ਦੂਰ ਰੱਖ ਕੇ ਕਰਵਾਏ ਜਾ ਰਹੇ ਇਸ ਖੇਡ ਮੇਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਕੁਲਦੀਪ ਸਿੰਘ ਧਾਲੀਵਾਲ, ਮੰਗਲ ਸਿੰਘ ਬਾਸੀ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂ ਪੁੱਜ ਰਹੇ ਹਨ। ਇਹਨਾਂ ਖੇਡ ਮੇਲਿਆਂ ਦਾ ਉਦਘਾਟਨ ਪ੍ਰਸਿੱਧ ਸ਼ਖਸ਼ੀਅਤ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰ.ਨਵਜੋਤ ਸਿੰਘ ਸਿੱਧੂ ਕਰਨਗੇ। ਰਾਜਪਾਲ ਅਟਵਾਲ ਨੇ ਕਿਹਾ ਕਿ ਉਹਨਾਂ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਚੱਲ ਰਹੇ ਨਸ਼ਿਆਂ ਦੇ ਮੁਹਾਣ ਤੋਂ ਮੋੜ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ। 5100 ਲੜਕੀਆਂ ਦੀ ਲੋੜੀ ਪਾਉਣ ਵਾਲੇ ਖੇਡ ਪ੍ਰਮੋਟਰ ਅਤੇ ਪ੍ਰਸਿੱਧ ਸਮਾਜ ਸੇਵੀ ਪਿੰਦੂ ਜੌਹਲ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਰਾਜਪਾਲ ਅਟਵਾਲ ਹੁਰਾਂ ਦੇ ਨਾਲ ਪ੍ਰੈਸ ਕਾਨਫਰੰਸ ਮੌਕੇ ਮੌਜੂਦ ਸਨ।