Skip to content

DRI ਦੀ ਸੋਨਾ ਤਸਕਰੀ ਨੈੱਟਵਰਕਾਂ ਖ਼ਿਲਾਫ਼ ਵੱਡੀ ਕਾਰਵਾਈ, 42 ਕਿਲੋ ਤੋਂ ਵੱਧ ਵਿਦੇਸ਼ੀ ਸੋਨਾ ਤੇ 10 ਕਿਲੋ ਚਾਂਦੀ ਜ਼ਬਤ

DRI ਦੀ ਸੋਨਾ ਤਸਕਰੀ ਨੈੱਟਵਰਕਾਂ ਖ਼ਿਲਾਫ਼ ਵੱਡੀ ਕਾਰਵਾਈ, 42 ਕਿਲੋ ਤੋਂ ਵੱਧ ਵਿਦੇਸ਼ੀ ਸੋਨਾ ਤੇ 10 ਕਿਲੋ ਚਾਂਦੀ ਜ਼ਬਤ
Share Facebook X WhatsApp Telegram Email
View in ePaper

65 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਕੀਮਤ; 5 ਵਿਦੇਸ਼ੀ ਨਾਗਰਿਕਾਂ ਸਮੇਤ 25 ਗ੍ਰਿਫ਼ਤਾਰ, ਏਅਰਪੋਰਟ ਤੋਂ ਲੈ ਕੇ ਸਰਹੱਦੀ ਤੇ ਸਮੁੰਦਰੀ ਰੂਟਾਂ ਤੱਕ ਚੱਲੀ ਮੁਹਿੰਮ

ਨਵੀਂ ਦਿੱਲੀ, 1 ਸਤੰਬਰ 2026: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਸੰਗਠਿਤ ਸੋਨਾ ਤਸਕਰੀ ਨੈੱਟਵਰਕਾਂ ਖ਼ਿਲਾਫ਼ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀਆਂ ਵੱਖ-ਵੱਖ ਕਾਰਵਾਈਆਂ ਦੌਰਾਨ 42 ਕਿਲੋ ਤੋਂ ਵੱਧ ਵਿਦੇਸ਼ੀ ਮੂਲ ਦਾ ਸੋਨਾ ਅਤੇ ਕਰੀਬ 10 ਕਿਲੋ ਚਾਂਦੀ ਜ਼ਬਤ ਕੀਤੀ ਹੈ। ਜ਼ਬਤ ਕੀਤੀਆਂ ਕੀਮਤੀ ਧਾਤਾਂ ਦੀ ਕੁੱਲ ਕੀਮਤ 65 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ।

ਇਨ੍ਹਾਂ ਮਾਮਲਿਆਂ ਵਿੱਚ 5 ਵਿਦੇਸ਼ੀ ਨਾਗਰਿਕਾਂ ਸਮੇਤ ਕੁੱਲ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਹ ਕਾਰਵਾਈਆਂ ਅਗਸਤ 2026 ਦੇ ਆਖ਼ਰੀ ਦਿਨਾਂ ਦੌਰਾਨ ਕੀਤੀਆਂ ਗਈਆਂ। DRI ਨੇ ਕੋਲਕਾਤਾ ਅਤੇ ਪੱਛਮੀ ਬੰਗਾਲ ਦੇ ਹੋਰ ਇਲਾਕਿਆਂ, ਮੁੰਬਈ, ਕੇਰਲ, ਗੁਹਾਟੀ ਅਤੇ ਤਾਮਿਲਨਾਡੂ ਦੇ ਰਾਮਨਾਥਪੁਰਮ ਸਮੇਤ ਕਈ ਥਾਵਾਂ ’ਤੇ ਤਸਕਰੀ ਦੇ ਵੱਖ-ਵੱਖ ਰੂਟਾਂ ਨੂੰ ਨਿਸ਼ਾਨਾ ਬਣਾਇਆ।

ਸੋਨਾ ਲੁਕਾਉਣ ਲਈ ਵਰਤੇ ਜਾ ਰਹੇ ਸਨ ਨਵੇਂ-ਨਵੇਂ ਤਰੀਕੇ

DRI ਮੁਤਾਬਕ ਤਸਕਰਾਂ ਵੱਲੋਂ ਸੋਨਾ ਲੁਕਾਉਣ ਲਈ ਕਈ ਤਰੀਕੇ ਅਪਣਾਏ ਜਾ ਰਹੇ ਸਨ। ਕੁਝ ਮਾਮਲਿਆਂ ਵਿੱਚ ਸੋਨੇ ਨੂੰ ਮੋਮ ਜਾਂ ਪੇਸਟ ਦੇ ਰੂਪ ਵਿੱਚ ਸਰੀਰ ਦੇ ਅੰਦਰ ਅਤੇ ਕੱਪੜਿਆਂ ਵਿੱਚ ਲੁਕਾਇਆ ਗਿਆ ਸੀ, ਜਦਕਿ ਹੋਰ ਮਾਮਲਿਆਂ ਵਿੱਚ ਕੱਚੀਆਂ ਸੋਨੇ ਦੀਆਂ ਚੇਨਾਂ ਅਤੇ ਸੋਨੇ ਦੀਆਂ ਇੱਟਾਂ ਬਰਾਮਦ ਕੀਤੀਆਂ ਗਈਆਂ।

ਕੁਝ ਖੇਪਾਂ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਲਿਆਂਦਾ ਜਾ ਰਿਹਾ ਸੀ, ਜਦਕਿ ਕੁਝ ਮਾਮਲਿਆਂ ਵਿੱਚ ਸ੍ਰੀਲੰਕਾ ਤੋਂ ਸਮੁੰਦਰੀ ਰਸਤੇ ਰਾਹੀਂ ਕੀਮਤੀ ਧਾਤਾਂ ਦੀ ਤਸਕਰੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਜਾਂਚ ਦੌਰਾਨ ਦੁਬਈ, ਬੈਂਕਾਕ, ਮਾਲੇ, ਰਾਸ ਅਲ ਖੈਮਾਹ ਅਤੇ ਜੇਦਾਹ ਤੋਂ ਆਉਣ ਵਾਲੇ ਜਾਂ ਟਰਾਂਜ਼ਿਟ ਯਾਤਰੀਆਂ ਨਾਲ ਜੁੜੇ ਮਾਮਲੇ ਵੀ ਸਾਹਮਣੇ ਆਏ। ਇੱਕ ਮਾਮਲੇ ਵਿੱਚ ਏਅਰਪੋਰਟ ਸਟਾਫ਼ ਦੀ ਕਥਿਤ ਸ਼ਮੂਲੀਅਤ ਵੀ ਸਾਹਮਣੇ ਆਈ ਹੈ।

ਮੁੰਬਈ ਏਅਰਪੋਰਟ ਤੋਂ 6.85 ਕਿਲੋ ਸੋਨਾ ਬਰਾਮਦ

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੀਤੀ ਗਈ ਇੱਕ ਅਹਿਮ ਕਾਰਵਾਈ ਦੌਰਾਨ DRI ਨੇ 6.85 ਕਿਲੋ ਸੋਨਾ ਬਰਾਮਦ ਕੀਤਾ।

ਇਸ ਮਾਮਲੇ ਵਿੱਚ 5 ਵਿਦੇਸ਼ੀ ਨਾਗਰਿਕਾਂ ਅਤੇ ਏਅਰਪੋਰਟ ਦੇ ਇੱਕ ਕਰਮਚਾਰੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਕੋਲਕਾਤਾ ਤੇ ਨਾਦੀਆ ’ਚ ਵੀ ਕਾਰਵਾਈ

ਕੋਲਕਾਤਾ ਅਤੇ ਆਲੇ-ਦੁਆਲੇ ਵੀ ਕਈ ਕਾਰਵਾਈਆਂ ਕੀਤੀਆਂ ਗਈਆਂ। ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਵੀ ਸੋਨੇ ਦੀਆਂ ਇੱਟਾਂ ਅਤੇ ਪੇਸਟ ਦੇ ਰੂਪ ਵਿੱਚ ਕਈ ਕਿਲੋ ਸੋਨਾ ਬਰਾਮਦ ਕੀਤਾ ਗਿਆ।

ਨਾਦੀਆ ਵਿੱਚ ਕੁਝ ਕਾਰਵਾਈਆਂ ਬਾਰਡਰ ਸਿਕਿਉਰਿਟੀ ਫੋਰਸ (BSF) ਨਾਲ ਤਾਲਮੇਲ ਕਰਕੇ ਕੀਤੀਆਂ ਗਈਆਂ।

ਇਸ ਤੋਂ ਇਲਾਵਾ ਕੇਰਲ ਦੇ ਕੋਚੀਨ ਅਤੇ ਕਾਲੀਕਟ ਹਵਾਈ ਅੱਡਿਆਂ ’ਤੇ ਵੀ ਬਰਾਮਦਗੀਆਂ ਹੋਈਆਂ, ਜਦਕਿ ਗੁਹਾਟੀ ਅਤੇ ਰਾਮਨਾਥਪੁਰਮ ਵਿੱਚ ਕੀਤੀਆਂ ਵੱਖ-ਵੱਖ ਕਾਰਵਾਈਆਂ ਦੌਰਾਨ ਸੋਨਾ ਅਤੇ ਚਾਂਦੀ ਜ਼ਬਤ ਕੀਤੀ ਗਈ।

Customs Act ਤਹਿਤ ਕੇਸ ਦਰਜ, ਜਾਂਚ ਜਾਰੀ

DRI ਦਾ ਕਹਿਣਾ ਹੈ ਕਿ ਇਨ੍ਹਾਂ ਕਾਰਵਾਈਆਂ ਨਾਲ ਕੀਮਤੀ ਧਾਤਾਂ ਦੀ ਤਸਕਰੀ ਵਿੱਚ ਸ਼ਾਮਲ ਕਈ ਪੱਧਰਾਂ ’ਤੇ ਕੰਮ ਕਰ ਰਹੇ ਨੈੱਟਵਰਕਾਂ ਨੂੰ ਝਟਕਾ ਲੱਗਾ ਹੈ। ਮਾਮਲਿਆਂ ਵਿੱਚ Customs Act, 1962 ਤਹਿਤ ਕੇਸ ਦਰਜ ਕੀਤੇ ਗਏ ਹਨ।

ਅਧਿਕਾਰੀਆਂ ਵੱਲੋਂ ਹੁਣ ਇਨ੍ਹਾਂ ਤਸਕਰੀ ਨੈੱਟਵਰਕਾਂ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਉਨ੍ਹਾਂ ਦੇ ਸੰਪਰਕਾਂ ਦੀ ਪਛਾਣ ਲਈ ਜਾਂਚ ਅੱਗੇ ਵਧਾਈ ਜਾ ਰਹੀ ਹੈ।