ePaper Reading mode

Public Times ePaper

Tuesday, 25 August 2026

ਫਿਰੋਜ਼ਪੁਰ ’ਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ, 44.5 ਕਿਲੋ ਹੈਰੋਇਨ ਤੇ 3 ਕਿਲੋ ਆਈਸ ਬਰਾਮਦ

ਫਿਰੋਜ਼ਪੁਰ ’ਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ, 44.5 ਕਿਲੋ ਹੈਰੋਇਨ ਤੇ 3 ਕਿਲੋ ਆਈਸ ਬਰਾਮਦ

ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਅਤੇ BSF ਦੀ ਸਾਂਝੀ ਕਾਰਵਾਈ, ਗਜਨੀਵਾਲਾ ਪਿੰਡ ਦੇ ਖੇਤਾਂ ’ਚੋਂ ਮਿਲੀ ਨਸ਼ਿਆਂ ਦੀ ਵੱਡੀ ਖੇਪ

ਫਿਰੋਜ਼ਪੁਰ, 25 ਅਗਸਤ: ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸੀਮਾ ਸੁਰੱਖਿਆ ਬਲ (BSF) ਨਾਲ ਸਾਂਝੀ ਕਾਰਵਾਈ ਕਰਦਿਆਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਇਸ ਕਾਰਵਾਈ ਦੌਰਾਨ 44.5 ਕਿਲੋਗ੍ਰਾਮ ਹੈਰੋਇਨ ਅਤੇ 3 ਕਿਲੋਗ੍ਰਾਮ ਆਈਸ (ਕ੍ਰਿਸਟਲ ਮੈਥਾਮਫੇਟਾਮਾਈਨ) ਬਰਾਮਦ ਕੀਤੀ ਗਈ ਹੈ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (DGP) ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੂੰ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਸਬੰਧੀ ਖਾਸ ਖੁਫੀਆ ਸੂਚਨਾ ਮਿਲੀ ਸੀ। ਇਸ ਦੇ ਆਧਾਰ ’ਤੇ ਮੰਗਲਵਾਰ ਨੂੰ BSF ਨਾਲ ਮਿਲ ਕੇ ਕਾਰਵਾਈ ਸ਼ੁਰੂ ਕੀਤੀ ਗਈ।

ਗਜਨੀਵਾਲਾ ਦੇ ਖੇਤਾਂ ’ਚ ਚਲਾਇਆ ਸਰਚ ਆਪ੍ਰੇਸ਼ਨ

ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸੁਰੱਖਿਆ ਏਜੰਸੀਆਂ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗਜਨੀਵਾਲਾ ਦੇ ਖੇਤਾਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ ਗਈ।

ਤਲਾਸ਼ੀ ਦੌਰਾਨ ਖੇਤਾਂ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਹੋਈ। ਇਸ ਵਿੱਚ 44.5 ਕਿਲੋ ਹੈਰੋਇਨ ਅਤੇ 3 ਕਿਲੋ ਆਈਸ ਸ਼ਾਮਲ ਹੈ।

ਪੁਲਿਸ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਦਰਜਨਾਂ ਪੈਕੇਟ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੈਕੇਟ ਲਾਲ ਰੰਗ ਦੀ ਪੈਕਿੰਗ ਵਿੱਚ ਹਨ, ਜਦਕਿ ਕੁਝ ਪੀਲੇ ਰੰਗ ਵਿੱਚ ਪੈਕ ਕੀਤੇ ਹੋਏ ਹਨ।

ਫਾਜ਼ਿਲਕਾ ਦੇ SSOC ਪੁਲਿਸ ਸਟੇਸ਼ਨ ’ਚ ਮਾਮਲਾ ਦਰਜ

ਇਸ ਬਰਾਮਦਗੀ ਸਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਪੁਲਿਸ ਸਟੇਸ਼ਨ, ਫਾਜ਼ਿਲਕਾ ਵਿਖੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (NDPS) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਹੁਣ ਇਸ ਤਸਕਰੀ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਦੇ ਸਾਰੇ ਸਬੰਧਾਂ (forward and backward linkages) ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਮੁੱਖ ਉਦੇਸ਼ ਇਸ ਖੇਪ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਕਰਨ ਦੇ ਨਾਲ-ਨਾਲ ਸਰਹੱਦ ਪਾਰ ਬੈਠੇ ਹੈਂਡਲਰਾਂ ਅਤੇ ਪੰਜਾਬ ਵਿੱਚ ਉਨ੍ਹਾਂ ਦੇ ਸੰਪਰਕਾਂ ਤੱਕ ਪਹੁੰਚਣਾ ਹੈ।

ਸਰਹੱਦ ਪਾਰ ਨਸ਼ਾ ਤਸਕਰੀ ਖ਼ਿਲਾਫ਼ ਜ਼ੀਰੋ ਟਾਲਰੈਂਸ: ਪੰਜਾਬ ਪੁਲਿਸ

DGP ਦਫ਼ਤਰ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਸਰਹੱਦ ’ਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

ਪੁਲਿਸ ਨੇ ਦੁਹਰਾਇਆ ਕਿ ਸਰਹੱਦ ਪਾਰ ਤਸਕਰੀ ਅਤੇ ਨਾਰਕੋ-ਕ੍ਰਾਈਮ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਤਹਿਤ ਕਾਰਵਾਈ ਜਾਰੀ ਰਹੇਗੀ ਅਤੇ ਅਜਿਹੇ ਨੈੱਟਵਰਕਾਂ ਦੀ ਪੂਰੀ ਲੜੀ ਨੂੰ ਤੋੜਨ ਲਈ ਸੂਬਾ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਨਾਲ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਬਰਾਮਦਗੀ ਹਾਲੀਆ ਮਹੀਨਿਆਂ ਦੌਰਾਨ ਪੰਜਾਬ ਦੇ ਸਰਹੱਦੀ ਖੇਤਰ ਵਿੱਚ ਸਾਹਮਣੇ ਆਈਆਂ ਵੱਡੀਆਂ ਨਸ਼ਾ ਬਰਾਮਦਗੀਆਂ ਵਿੱਚੋਂ ਇੱਕ ਹੈ। ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ ਅਤੇ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।